ਸੀ.ਪੀ. ਗੁਰਪ੍ਰੀਤ ਭੁੱਲਰ ਨੇ ਕਿਹਾ; ਨਹੀਂ ਹੋਇਆ ਧਮਾਕਾ
ਅੰਮ੍ਰਿਤਸਰ, 4 ਫਰਵਰੀ (ਪੰਜਾਬ ਮੇਲ)- ਅੰਮ੍ਰਿਤਸਰ ਗ੍ਰੇਨਾਈਟ ਧਮਾਕੇ ਦੀ ਗੈਂਗਸਟਰ ਹੈਪੀ ਪਰਸ਼ੀਆ ਨੇ ਸੋਸ਼ਲ ਮੀਡੀਆ ‘ਤੇ ਜ਼ਿੰਮੇਵਾਰੀ ਲਈ ਹੈ ਦੂਜੇ ਪਾਸੇ ਸੀ.ਪੀ. ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਕੋਈ ਗ੍ਰਨੇਡ ਹਮਲਾ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਦੇਰ ਰਾਤ ਪੁਲਿਸ ਚੌਕੀ ਫਤਿਹਗੜ੍ਹ ਚੂੜੀਆਂ ਰੋਡ ਨੰਗਲੀ ਦੇ ਬਾਹਰ ਇੱਕ ਜ਼ੋਰਦਾਰ ਧਮਾਕਾ ਹੋਇਆ। ਇਹ ਧਮਾਕਾ ਇਲਾਕੇ ਵਿਚ ਦੂਰ-ਦੂਰ ਤੱਕ ਸੁਣਿਆ ਗਿਆ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਧਮਾਕੇ ਵਾਲੀ ਥਾਂ ਤੋਂ ਕੁਝ ਹੀ ਦੂਰੀ ‘ਤੇ ਪੁਲਿਸ ਵੱਲੋਂ ਚੈਕਿੰਗ ਦਾ ਨਾਕਾ ਵੀ ਲਗਾਇਆ ਗਿਆ ਸੀ। ਮੌਕੇ ‘ਤੇ ਤੈਨਾਤ ਏ.ਐੱਸ.ਆਈ. ਬਿਸ਼ੰਬਰ ਧਮਾਕੇ ਵਾਲੀ ਥਾਂ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੂੰ ਸੜਕ ਵਿਚ ਧਮਾਕੇ ਦੇ ਨਿਸ਼ਾਨ ਮਿਲੇ।
ਏ.ਐੱਸ.ਆਈ. ਬਿਸ਼ੰਭਰ ਨੇ ਤੁਰੰਤ ਹੀ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਹੋਏ ਧਮਾਕੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਇਸ ਨੂੰ ਗ੍ਰਨੇਡ ਦਾ ਧਮਾਕਾ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਫਿਰ ਵੀ ਫਰੈਂਸਿਕ ਟੀਮ ਧਮਾਕੇ ਦੀ ਜਾਂਚ ਕਰ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਉਹ ਦੱਸ ਦਿੱਤਾ ਜਾਵੇਗਾ। ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਪੁਲਿਸ ਚੌਕੀ ਪਿਛਲੇ ਸਮੇਂ ‘ਚ ਬੰਦ ਕਰ ਦਿੱਤੀ ਗਈ ਸੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਵਿਖੇ ਸਥਿਤ ਵੱਖ-ਵੱਖ ਚੌਕੀਆਂ ਅਤੇ ਥਾਣਿਆਂ ਵਿਚ ਧਮਾਕੇ ਹੋਏ ਹਨ, ਜਿਸ ਨੂੰ ਗ੍ਰਨੇਡ ਜਾਂ ਹੈਂਡਗ੍ਰਨੇਡ ਦਾ ਧਮਾਕਾ ਨਾ ਦੱਸਦੇ ਹੋਏ ਪੁਲਿਸ ਹਮੇਸ਼ਾ ਹੀ ਧਮਾਕੇ ਦਾ ਕੋਈ ਹੋਰ ਕਾਰਨ ਦੱਸ ਕੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਧਮਾਕੇ ਨਾਲ ਸੰਬੰਧਿਤ ਮੁਲਜਮਾਂ ਨੂੰ ਫੜ ਕੇ ਹੈੱਡ ਗਰਨੇਡ ਦਾ ਧਮਾਕਾ ਦੱਸਦੇ ਹੋਏ ਵਿਦੇਸ਼ ‘ਚ ਬੈਠੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਿਆਂ ਨਾਲ ਜੋੜਦੀ ਰਹੀ ਹੈ।
ਦੂਸਰੇ ਪਾਸੇ ਘਟਨਾ ਵਾਲੀ ਥਾਂ ਤੇ ਗ੍ਰਨੇਡ ਦਾ ਕਲਿਪ ਮਿਲਿਆ ਹੈ। ਪੁਲਿਸ ਵੱਲੋਂ ਭਾਵੇਂ ਇਸ ਨੂੰ ਗ੍ਰਨੇਡ ਹਮਲਾ ਨਾ ਦੱਸਦੇ ਹੋਏ ਕੁਝ ਹੋਰ ਧਮਾਕਾ ਦੱਸਿਆ ਜਾ ਰਿਹਾ ਹੈ ਪਰ ਫਿਰ ਵੀ ਆਉਣ ਵਾਲੇ ਦਿਨਾਂ ਵਿਚ ਪੁਲਿਸ ਵੱਲੋਂ ਇਸ ਨੂੰ ਗ੍ਰਨੇਡ ਹਮਲਾ ਪਹਿਲਾਂ ਵਾਂਗ ਸਾਬਤ ਕੀਤਾ ਜਾ ਸਕਦਾ ਹੈ।
ਉੱਧਰ, ਧਮਾਕੇ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲੀਆ ਚਿੰਨ੍ਹ ਲਗਾਏ ਗਏ ਹਨ। ਉਨ੍ਹਾਂ ਐਕਸ ‘ਤੇ ਟਵੀਟ ਕਰ ਕੇ ਕਿਹਾ ਕਿ ਇੰਡੋ ਪਾਕਿ ਬਾਰਡਰ ਇਲਾਕੇ ‘ਚ ਲਾਅ ਐਂਡ ਆਰਡਰ ਦੀ ਸਥਿਤੀ ਬਦ ਤੋਂ ਬਦਤਰ ਹੈ। ਪੁਲਿਸ ਇਸ ਮਾਮਲੇ ‘ਤੇ ਜਵਾਬ ਦੇਣ ਤੋਂ ਅਸਮਰੱਥ ਹੈ। ਪਿਛਲੇ ਦੋ ਮਹੀਨਿਆਂ ‘ਚ 12 ਤੋਂ ਜ਼ਿਆਦਾ ਗ੍ਰਨੇਡ ਹਮਲੇ ਹੋਣੇ ਪੰਜਾਬ ਦੀ ਲਾਅ ਐਂਡ ਆਰਡ ਦੀ ਸਥਿਤੀ ਬਿਆਨ ਕਰਦੀ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਪੰਜਾਬ ਸਰਹੱਦੀ ਸੂਬਾ ਹੈ ਅਤੇ ਸਰਹੱਦੀ ਇਲਾਕਿਆਂ ਵਿਚ ਅਜਿਹੇ ਗ੍ਰਨੇਡ ਧਮਾਕੇ ਪੰਜਾਬ ਨੂੰ ਮੁੜ ਕਾਲੇ ਦੌਰ ਵੱਲ ਨਾ ਲੈ ਜਾਣ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਜੇ ਹਾਲਾਤ ਸੁਧਾਰ ਨਹੀਂ ਸਕਦੇ ਤਾਂ ਅਸਤੀਫਾ ਦਿਓ।