#AMERICA

ਅਮਰੀਕਾ-ਭਾਰਤੀ ਜੋੜੇ ਵਿਰੁੱਧ ਇਕ ਵਰਕਰ ਦੇ ਇਮੀਗ੍ਰੇਸ਼ਨ ਦਸਤਾਵੇਜ਼ ਜ਼ਬਤ ਕਰਨ ਤੇ ਬੰਧੂਆ ਮਜ਼ਦੂਰੀ ਕਰਵਾਉਣ ਦੇ ਦੋਸ਼ ਆਇਦ

ਸੈਕਰਾਮੈਂਟੋ, 22 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਭਾਰਤੀ ਅਮਰੀਕੀ ਜੋੜੇ ਨੂੰ ਇਕ ਵਰਕਰ ਦੇ ਇਮੀਗ੍ਰੇਸ਼ਨ ਦਸਤਾਵੇਜ਼ ਜ਼ਬਤ ਕਰਨ, ਘੱਟ ਤਨਖਾਹ ‘ਤੇ ਵਧ ਕੰਮ ਕਰਵਾਉਣ ਤੇ ਧਮਕੀਆਂ ਦੇਣ ਸਮੇਤ ਹੋਰ ਕਈ ਦੋਸ਼ ਆਇਦ ਕੀਤੇ ਜਾਣ ਦੀ ਖਬਰ ਹੈ। ਰਿਚਮੰਡ ਵਿਚ ਇਕ ਫੈਡਰਲ ਜਿਊਰੀ ਨੇ ਉੱਤਰੀ ਚੈਸਟਰਫੀਲਡ ਖੇਤਰ ਦੇ ਵਾਸੀ ਹਰਮਨਪ੍ਰੀਤ ਸਿੰਘ (30) ਤੇ ਕੁਲਬੀਰ ਕੌਰ (42) ਵਿਰੁੱਧ ਕੁੱਲ 6 ਦੋਸ਼ ਆਇਦ ਕਰਨ ਦਾ ਆਦੇਸ਼ ਦਿੱਤਾ ਹੈ। ਆਇਦ ਦੋਸ਼ਾਂ ‘ਚ ਬੰਧੂਆ ਮਜ਼ਦੂਰੀ ਕਰਵਾਉਣ ਦੀ ਸਾਜਿਸ਼ ਰਚਣ, ਬੰਧੂਆ ਮਜ਼ਦੂਰੀ ਕਰਵਾਉਣਾ, ਆਪਣੇ ਵਿੱਤੀ ਲਾਭ ਲਈ ਵਿਦੇਸ਼ੀ ਨੂੰ ਪਨਾਹ ਦੇਣਾ, ਦਸਤਾਵੇਜ਼ੀ ਗੁਲਾਮੀ, ਦਿਵਾਲੀਆਪਣ ਫਰਾਡ ਲਈ ਸਾਜਿਸ਼ ਰਚਣ ਤੇ ਦਿਵਾਲੀਆਪਣ ਪ੍ਰਕ੍ਰਿਆ ਮੁਕੰਮਲ ਕਰਨ ਲਈ ਝੂਠੇ ਤਬਾਦਲੇ ਕਰਨੇ ਸ਼ਾਮਲ ਹਨ। ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਇਸ ਪੰਜਾਬੀ ਜੋੜੇ ਨੇ ਮਾਰਚ 2018 ਤੋਂ ਮਈ 2021 ਦਰਮਿਆਨ ਪੀੜਤ ਨੂੰ ਆਪਣੇ ਸਟੋਰ ਵਿਚ ਕਥਿਤ ਤੌਰ ‘ਤੇ ਮਜ਼ਦੂਰੀ ਕਰਨ ਤੇ ਹੋਰ ਸੇਵਾਵਾਂ ਦੇਣ ਲਈ ਮਜਬੂਰ ਕੀਤਾ। ਨਿਆਂ ਵਿਭਾਗ ਅਨੁਸਾਰ ਪੀੜਤ ਨੇ ਖਜ਼ਾਨਚੀ, ਖਾਣਾ ਬਣਾਉਣ, ਸਫਾਈ ਕਰਨ ਤੇ ਸਟੋਰ ਰਿਕਾਰਡ ਦਾ ਪ੍ਰਬੰਧ ਕਰਨ ਸਮੇਤ ਹੋਰ ਕਈ ਤਰ੍ਹਾਂ ਦੇ ਕੰਮ ਕੀਤੇ। ਉਸ ਨੂੰ ਮਾੜੇ ਹਾਲਾਤ ਵਿਚ ਰੱਖਿਆ ਗਿਆ ਤੇ ਘੱਟੋ-ਘੱਟ ਤਨਖਾਹ ‘ਤੇ ਲੰਬਾ ਸਮਾਂ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਲਾਏ ਦੋਸ਼ਾਂ ਅਨੁਸਾਰ ਜੋੜੇ ਨੇ ਵੀਜ਼ੇ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਆਪਣੇ ਲਾਭ ਲਈ ਪੀੜਤ ਨੂੰ ਪਨਾਹ ਦਿੱਤੀ। ਜੋੜੇ ਨੂੰ ਸਜ਼ਾ ਬਾਰੇ ਫੈਸਲਾ ਫੈਡਰਲ ਡਿਸਟ੍ਰਿਕਟ ਕੋਰਟ ਜੱਜ ਕਰੇਗਾ। ਇਥੇ ਜ਼ਿਕਰਯੋਗ ਹੈ ਕਿ ਬੰਧੂਆਂ ਮਜ਼ਦੂਰੀ ਲਈ ਵਧ ਤੋਂ ਵਧ 20 ਸਾਲ ਲਈ ਜੇਲ੍ਹ ਹੋ ਸਕਦੀ ਹੈ। ਇਸ ਵਿਚ 5 ਸਾਲ ਲਈ ਨਿਗਰਾਨੀ ਤਹਿਤ ਰਿਹਾਈ ਦੀ ਵਿਵਸਥਾ ਹੈ। 2,50,000 ਡਾਲਰ ਦਾ ਜੁਰਮਾਨਾ ਵੀ ਲੱਗ ਸਕਦਾ ਹੈ।

Leave a comment