#AMERICA

ਅਮਰੀਕਾ ਭਾਰਤੀਆਂ ਲਈ ਵਿਜ਼ਿਟਰ ਵੀਜ਼ਾ ਦਾ ਉਡੀਕ ਸਮਾਂ ਘਟਾਉਣ ਲਈ ਕੰਮ ਕਰ ਰਿਹਾ ਹੈ

ਐੱਚ-1ਬੀ ਵੀਜ਼ੇ ਨਵਿਆਉਣ ਸਬੰਧੀ ਪਾਇਲਟ ਪ੍ਰਾਜੈਕਟ ਇਸੇ ਮਹੀਨੇ ਪੂਰਾ ਹੋਣ ਦਾ ਦਾਅਵਾ
ਨਵੀਂ ਦਿੱਲੀ, 23 ਫ਼ਰਵਰੀ (ਪੰਜਾਬ ਮੇਲ)- ਕੌਂਸੁੁਲਰ ਮਾਮਲਿਆਂ ਬਾਰੇ ਅਮਰੀਕੀ ਬਿਊਰੋ ਦੀ ਸਹਾਇਕ ਸਕੱਤਰ ਰੇਨਾ ਬਿੱਟਰ ਨੇ ਕਿਹਾ ਕਿ ਅਮਰੀਕਾ ਭਾਰਤੀਆਂ ਲਈ ਵਿਜ਼ਿਟਰ ਵੀਜ਼ਾ ਦਾ ਉਡੀਕ ਸਮਾਂ ਹੋਰ ਘਟਾਉਣ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ। ਪਿਛਲੇ ਸਾਲ ਉਡੀਕ ਸਮੇਂ ’ਚ 75 ਫੀਸਦ ਨਿਘਾਰ ਦੇਖਣ ਨੂੰ ਮਿਲਿਆ ਸੀ। ਇੰਟਰਵਿਊ ਦੌਰਾਨ ਬਿੱਟਰ ਨੇ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਹੈ ਜਦੋਂ ਅਤੀਤ ਦੇ ਮੁਕਾਬਲੇ ਵਧੇਰੇ ਭਾਰਤੀ ਅਮਰੀਕਾ ਦੀ ਯਾਤਰਾ ਕਰ ਸਕਦੇ ਹਨ। ਐੱਚ-1ਬੀ ਵੀਜ਼ਿਆਂ ਲਈ ਯੋਜਨਾ ਬਾਰੇ ਪੁੱਛਣ ’ਤੇ ਬਿੱਟਰ ਨੇ ਕਿਹਾ ਕਿ ਅਮਰੀਕਾ ਵਿਚ ਰਹਿ ਰਹੇ ਭਾਰਤੀਆਂ ਦੇ ਐੱਚ-1ਬੀ ਵੀਜ਼ੇ ਨਵਿਆਉਣ ਲਈ ਪਾਇਲਟ ਪ੍ਰਾਜੈਕਟ ਜਾਰੀ ਹੈ, ਜੋ ਫਰਵਰੀ ਵਿਚ ਪੂਰਾ ਹੋ ਜਾਵੇਗਾ। ਅਮਰੀਕੀ ਅਧਿਕਾਰੀ ਨੇ ਕਿਹਾ, ‘‘ਪਿਛਲੇ ਸਾਲ ਭਾਰਤ ਵਿਚ ਅਮਰੀਕੀ ਅੰਬੈਸੀ ਨੇ 14 ਲੱਖ ਵੀਜ਼ਾ ਅਰਜ਼ੀਆਂ ’ਤੇ ਕਾਰਵਾਈ ਕੀਤੀ ਸੀ, ਇਹ ਬਹੁਤ ਵੱਡਾ ਅੰਕੜਾ ਸੀ…ਯਾਤਰਾ ਨਾਲ ਸਬੰਧਤ ਇਕ ਦੋ ਖੇਤਰਾਂ, ਜਿਵੇਂ ਲੋਕ ਪਹਿਲੀ ਵਾਰ ਸੈਰ-ਸਪਾਟੇ ਲਈ ਅਮਰੀਕਾ ਦੀ ਯਾਤਰਾ ਕਰ ਰਹੇ ਹਨ, ਨੂੰ ਛੱਡ ਕੇ ਕਿਸੇ ਵੀ ਵਰਗ ਵਿਚ ਵੀਜ਼ੇ ਲਈ ਕੋਈ ਉਡੀਕ ਸਮਾਂ ਨਹੀਂ ਹੈ।’’ ਬਿੱਟਰ ਨੇ ਕਿਹਾ, ‘‘ਪਿਛਲੇ ਸਾਲ ਅਸੀਂ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਲੱਗਦੇ ਸਮੇਂ ਨੂੰ 75 ਫੀਸਦ ਤੱਕ ਘਟਾਇਆ ਸੀ ਤੇ ਅਸੀਂ ਇਸ ਪਾਸੇ ਬਹੁਤ ਮਿਹਨਤ ਕਰ ਰਹੇ ਹਾਂ। ਅਸੀਂ ਇਸ ਨੂੰ ਬਹੁਤ ਅਹਿਮ ਦੁਵੱਲੇ ਰਿਸ਼ਤਿਆਂ ਵਜੋਂ ਮਾਨਤਾ ਦਿੰਦੇ ਹਾਂ ਅਤੇ ਲੋਕਾਂ ਦੀ ਇਕ ਦੂਜੇ ਨਾਲ ਨੇੜਤਾ, ਕਾਰੋਬਾਰੀ ਯਾਤਰਾ ਤੇ ਪਰਿਵਾਰਕ ਸਬੰਧ… ਇਸ ਰਿਸ਼ਤੇ ਦੀ ਬੁਨਿਆਦ ਹਨ। ਸਾਡੇ ਲਈ ਇਹ ਸਾਰੀਆਂ ਚੀਜ਼ਾਂ ਅਹਿਮ ਹਨ ਅਤੇ ਵਾਸ਼ਿੰਗਟਨ ਵਿਚ ਅਸੀਂ ਬਹੁਤ ਕੰਮ ਕਰ ਰਹੇ ਹਾਂ ਤਾਂ ਕਿ ਭਾਰਤੀਆਂ ਦੀ ਵੀਜ਼ੇ ਦੀ ਮੰਗ ਨੂੰ ਪੂਰਾ ਕਰ ਸਕੀਏ।’’ ਵਿਦਿਆਰਥੀ ਵੀਜ਼ਿਆਂ ਦੀ ਗੱਲ ਕਰਦਿਆਂ ਬਿੱਟਰ ਨੇ ਕਿਹਾ, ‘‘ਅਮਰੀਕਾ ਵਿਚ ਪੜ੍ਹ ਰਹੇ ਕੌਮਾਂਤਰੀ ਵਿਦਿਆਰਥੀਆਂ ਵਿਚੋਂ ਹਰ ਚੌਥਾ ਭਾਰਤ ’ਚੋਂ ਹੈ।’’