#PUNJAB

ਅਮਰੀਕਾ ਬੈਠੇ ਗੈਂਗਸਟਰਾਂ ਨੇ ਪੰਜਾਬ ‘ਚ ਕਰਵਾਇਆ ਕਤਲ ਕਾਂਡ; 2 ਮੁਲਜ਼ਮ ਗ੍ਰਿਫ਼ਤਾਰ

ਨਵਾਂਸ਼ਹਿਰ/ਜਲੰਧਰ, 25 ਅਗਸਤ (ਪੰਜਾਬ ਮੇਲ)- ਰੂਪਨਗਰ ਜ਼ਿਲ੍ਹਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੇ ਸਾਂਝੇ ਆਪ੍ਰੇਸ਼ਨ ‘ਚ ਪੁਲਿਸ ਨੇ ਥਾਣਾ ਪੋਜੇਵਾਲ ਅਧੀਨ ਪੈਂਦੇ ਪਿੰਡ ਕੁਲਪੁਰ ‘ਚ ਹਰਦੀਪ ਸਿੰਘ ਉਰਫ਼ ਦੀਪਾ ਪੁੱਤਰ ਸ਼ਿੰਗਾਰਾ ਸਿੰਘ ਦੇ ਕਤਲ ਦੇ ਦੋਸ਼ ‘ਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡੀ.ਜੀ.ਪੀ. ਗੌਰਵ ਯਾਦਵ ਨੇ ਦਿੱਤੀ। ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਐੱਸ.ਐੱਸ.ਪੀ. ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ 2 ਜੁਲਾਈ 2025 ਨੂੰ ਥਾਣਾ ਪੋਜੇਵਾਲ ਅਧੀਨ ਪੈਂਦੇ ਪਿੰਡ ਕੁਲਪੁਰ ਵਿਚ ਹਰਦੀਪ ਸਿੰਘ ਉਰਫ਼ ਦੀਪ ਦੀ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੇ ਭਰਾ ਸੰਦੀਪ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਉਕਤ ਮਾਮਲੇ ਵਿਚ ਤਕਨੀਕੀ ਅਤੇ ਮਨੁੱਖੀ ਖ਼ੁਫ਼ੀਆ ਜਾਣਕਾਰੀ (ਹਿਊਮਨ ਇੰਟੈਲੀਜੈਂਸੀ) ਦੀ ਮਦਦ ਨਾਲ ਕਤਲ ਦੇ ਮੁਲਜ਼ਮ ਕਰਨ ਗੰਗੜ ਪੁੱਤਰ ਮੱਖਣ ਰਾਮ ਵਾਸੀ ਰੋਡ ਮਜ਼ਾਰਾ ਅਤੇ ਜਸਕਰਨ ਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਰਾਮਗੜ੍ਹ ਝੁੱਗੀਆਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਐੱਸ.ਐੱਸ.ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਹਰਦੀਪ ਸਿੰਘ ਉਰਫ਼ ਦੀਪਾ ਦੀ ਜਸਕਰਨ ਸਿੰਘ ਉਰਫ਼ ਕਾਲੂ ਵਾਸੀ ਕੁੱਕੜ ਮਜ਼ਾਰਾ ਨਾਲ ਨਿੱਜੀ ਦੁਸ਼ਮਣੀ ਸੀ, ਜੋਕਿ ਜਸਕਰਨ ਸਿੰਘ, ਕਰਨ ਗੰਗੜ, ਜਸਕਰਨ ਸਿੰਘ ਕਾਲੂ ਅਤੇ ਲੱਕੀ ਪਟਿਆਲਾ ਗੈਂਗ ਨਾਲ ਸਬੰਧਤ ਸੀ।
ਐੱਸ.ਐੱਸ.ਪੀ. ਨੇ ਦੱਸਿਆ ਕਿ ਜਸਕਰਨ ਸਿੰਘ ਉਰਫ਼ ਕੰਨੂ ਅਮਰੀਕਾ ਵਿਚ ਹੈ ਅਤੇ ਉਸ ਨੇ ਹਰਦੀਪ ਸਿੰਘ ਨੂੰ ਮਾਰਨ ਲਈ ਕਰਨ ਆਦਿ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ‘ਤੇ ਪਹਿਲਾਂ ਹੀ ਲੜਾਈ-ਝਗੜੇ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਦੇ ਮਾਮਲੇ ਦਰਜ ਹਨ। ਐੱਸ.ਪੀ. ਸਰਬਜੀਤ ਸਿੰਘ ਵਾਹੀਆ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ।