#AMERICA

ਅਮਰੀਕਾ ਨੇ 1 ਲੱਖ ਤੋਂ ਵੱਧ ਵੀਜ਼ੇ ਕੀਤੇ ਰੱਦ

-8,000 ਵਿਦਿਆਰਥੀ ਵੀ ਰੱਦ ਕੀਤੇ ਵੀਜ਼ਿਆਂ ‘ਚ ਸ਼ਾਮਲ
ਵਾਸ਼ਿੰਗਟਨ, 14 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ 1 ਲੱਖ ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਗਏ ਹਨ, ਜਿਸ ਨਾਲ ਇਹ ਇੱਕ ਨਵਾਂ ਰਿਕਾਰਡ ਬਣਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਆਪਣੀ ਸਖ਼ਤ ਇਮੀਗ੍ਰੇਸ਼ਨ ਨੀਤੀ ਦੀ ਪਾਲਣਾ ਕਰ ਰਿਹਾ ਹੈ। ਅਸੀਂ ਅਮਰੀਕਾ ਨੂੰ ਸੁਰੱਖਿਅਤ ਰੱਖਣ ਲਈ ਜਰਾਇਮ ਪੇਸ਼ਾ ਲੋਕਾਂ ਨੂੰ ਦੇਸ਼ ਨਿਕਾਲਾ ਦੇਣਾ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਰਹਿ ਕੇ ਦੂਜੇ ਦੇਸ਼ਾਂ ਦੀ ਹਮਾਇਤ ਕਰਨਾ ਵੱਡਾ ਅਪਰਾਧ ਗਿਣਿਆ ਜਾਵੇਗਾ।
ਵਿਦੇਸ਼ ਵਿਭਾਗ ਦੇ ਪ੍ਰਿੰਸੀਪਲ ਡਿਪਟੀ ਬੁਲਾਰੇ ਟੌਮੀ ਪਿਗੋਟ ਨੇ ਕਿਹਾ ਕਿ ਵਿਦੇਸ਼ ਵਿਭਾਗ ਨੇ 1,00,000 ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਹਨ, ਜਿਨ੍ਹਾਂ ਵਿਚ ਲਗਭਗ 8,000 ਵਿਦਿਆਰਥੀ ਵੀਜ਼ੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 2,500 ਵਿਸ਼ੇਸ਼ ਵੀਜ਼ੇ ਉਨ੍ਹਾਂ ਵਿਅਕਤੀਆਂ ਦੇ ਰੱਦ ਕੀਤੇ ਗਏ ਹਨ, ਜਿਨ੍ਹਾਂ ਦਾ ਅਪਰਾਧਿਕ ਕਿਰਦਾਰ ਸਾਹਮਣੇ ਆਇਆ ਹੈ।
ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਇਸ ਵਿਚ ਹਜ਼ਾਰਾਂ ਵਿਦੇਸ਼ੀ ਨਾਗਰਿਕਾਂ ਦੇ ਰੱਦ ਕੀਤੇ ਗਏ ਵੀਜ਼ੇ ਸ਼ਾਮਲ ਹਨ, ਜਿਨ੍ਹਾਂ ‘ਤੇ ਲੜਾਈ-ਝਗੜਾ, ਚੋਰੀ ਅਤੇ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ ਵਰਗੇ ਦੋਸ਼ ਲੱਗੇ ਹਨ।
ਇੱਕ ਰਿਪੋਰਟ ਅਨੁਸਾਰ 2025 ਵਿਚ ਰੱਦ ਕੀਤੇ ਗਏ ਵੀਜ਼ਾ ਦੀ ਗਿਣਤੀ 2024 ਵਿਚ ਰੱਦ ਕੀਤੇ ਗਏ 40,000 ਵੀਜ਼ਾ ਨਾਲੋਂ ਦੁੱਗਣੀ ਤੋਂ ਵੀ ਵੱਧ ਹੈ, ਜੋ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਵੱਲੋਂ ਆਖਰੀ ਸਾਲ ਵਿਚ ਰੱਦ ਕੀਤੇ ਗਏ ਸੀ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ 2025 ਵਿਚ ਰੱਦ ਕੀਤੇ ਗਏ ਵੀਜ਼ੇ ਜ਼ਿਆਦਾਤਰ ਕਾਰੋਬਾਰੀਆਂ ਅਤੇ ਸੈਲਾਨੀ ਯਾਤਰੀਆਂ ਦੇ ਸਨ, ਜੋ ਆਪਣੇ ਵੀਜ਼ਾ ਦੀ ਮਿਆਦ ਤੋਂ ਵੱਧ ਸਮੇਂ ਲਈ ਰਹੇ ਸਨ।