#AMERICA

ਅਮਰੀਕਾ ਨੇ ਪਾਕਿ ਫੌਜੀ ਅਦਾਲਤ ਵੱਲੋਂ 25 ਨਾਗਰਿਕਾਂ ਨੂੰ ਸਜ਼ਾ ਸੁਣਾਉਣ ‘ਤੇ ਚਿੰਤਾ ਜਤਾਈ

ਸਾਨ ਫਰਾਂਸਿਸਕੋ, 26 ਦਸੰਬਰ (ਪੰਜਾਬ ਮੇਲ)- ਪਾਕਿਸਤਾਨ ਦੀ ਇਕ ਫੌਜੀ ਅਦਾਲਤ ਵੱਲੋਂ 25 ਪਾਕਿਸਤਾਨੀ ਨਾਗਰਿਕਾਂ ਨੂੰ ਸਜ਼ਾ ਸੁਣਾਏ ਜਾਣ ‘ਤੇ ਚਿੰਤਾ ਜ਼ਾਹਿਰ ਕਰਦਿਆਂ ਅਮਰੀਕਾ ਨੇ ਕਿਹਾ ਕਿ ਇਨ੍ਹਾਂ ਅਦਾਲਤਾਂ ‘ਚ ਨਿਆਇਕ ਆਜ਼ਾਦੀ, ਪਾਰਦਰਸ਼ਿਤਾ ਤੇ ਢੁੱਕਵੀਂ ਪ੍ਰਕਿਰਿਆ ਦੀ ਗਾਰੰਟੀ ਦੀ ਘਾਟ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿੱਲਰ ਨੇ ਕਿਹਾ, ‘ਪਾਕਿਸਤਾਨ ‘ਚ ਨੌਂ ਮਈ 2023 ਨੂੰ ਹੋਏ ਰੋਸ ਮੁਜ਼ਾਹਰਿਆਂ ‘ਚ ਹਿੱਸਾ ਲੈਣ ਲਈ ਪਾਕਿਸਤਾਨ ਦੀ ਇਕ ਫੌਜੀ ਅਦਾਲਤ ਵੱਲੋਂ ਪਾਕਿਸਤਾਨੀ ਨਾਗਰਿਕਾਂ ਨੂੰ ਸਜ਼ਾ ਸੁਣਾਏ ਜਾਣ ਤੋਂ ਅਮਰੀਕਾ ਬਹੁਤ ਚਿੰਤਤ ਹੈ। ਇਨ੍ਹਾਂ ਫੌਜੀ ਅਦਾਲਤਾਂ ‘ਚ ਨਿਆਇਕ ਆਜ਼ਾਦੀ, ਪਾਰਦਰਸ਼ਿਤਾ ਤੇ ਢੁੱਕਵੀਂ ਪ੍ਰਕਿਰਿਆ ਦੀ ਗਾਰੰਟੀ ਦੀ ਘਾਟ ਹੈ।’ ਉਨ੍ਹਾਂ ਕਿਹਾ ਕਿ ਅਮਰੀਕਾ ਪਾਕਿਸਤਾਨੀ ਅਧਿਕਾਰੀਆਂ ਨੂੰ ਪਾਕਿਸਤਾਨ ਦੇ ਸੰਵਿਧਾਨ ਅਨੁਸਾਰ ਨਿਰਪੱਖ ਸੁਣਵਾਈ ਤੇ ਢੁੱਕਵੀਂ ਪ੍ਰਕਿਰਿਆ ਦੇ ਅਧਿਕਾਰ ਦਾ ਸਨਮਾਨ ਕਰਨ ਦਾ ਲਗਾਤਾਰ ਸੱਦਾ ਦਿੰਦਾ ਆ ਰਿਹਾ ਹੈ।