#AMERICA

ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਅਮਰੀਕਾ ਨੇ ਮੁਹਿੰਮ ਕੀਤੀ ਤੇਜ਼

ਵਾਸ਼ਿੰਗਟਨ ਡੀ.ਸੀ., 23 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਵੀਂ ਇਮੀਗ੍ਰੇਸ਼ਨ ਨੀਤੀ ਲਾਗੂ ਕਰਨ ਲਈ ਅਪਰਾਧਿਕ ਗੈਰ ਕਾਨੂੰਨੀ ਪ੍ਰਵਾਸੀਆਂ ਦੀਆਂ ਗ੍ਰਿਫ਼ਤਾਰੀਆਂ ਵਿਚ ਭਾਰੀ ਵਾਧਾ ਕੀਤਾ ਹੈ। ਆਈ.ਸੀ.ਈ. ਅਤੇ ਬਾਰਡਰ ਸੁਰੱਖਿਆ ਦਸਤਿਆਂ ਵੱਲੋਂ ਰੋਜ਼ਾਨਾ 3 ਹਜ਼ਾਰ ਦੇ ਕਰੀਬ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲਿਆ ਜਾ ਰਿਹਾ ਹੈ। ਇਨ੍ਹਾਂ ਵਿਚ ਬਹੁਤੇ ਲੋਕ ਮੁਜ਼ਰਿਮ ਕਿਸਮ ਦੇ ਹੁੰਦੇ ਹਨ, ਜਿਹੜੇ ਕਿ ਕਤਲ, ਬਲਾਤਕਾਰ ਅਤੇ ਹੋਰ ਹਿੰਸਕ ਅਪਰਾਧਾਂ ਵਿਚ ਲੋੜੀਂਦੇ ਹੁੰਦੇ ਹਨ। ਜਦੋਂ ਤੋਂ ਟਰੰਪ ਨੇ ਜਨਵਰੀ ‘ਚ ਅਹੁਦਾ ਸੰਭਾਲਿਆ ਹੈ, ਤਾਂ ਉਨ੍ਹਾਂ ਵੱਲੋਂ ਹੁਣ ਤੱਕ ਰਿਕਾਰਡ 170 ਕਾਰਜਕਾਰੀ ਆਦੇਸ਼ਾਂ ‘ਤੇ ਦਸਤਖਤ ਕੀਤੇ ਗਏ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਆਦੇਸ਼ਾਂ ‘ਤੇ ਸੰਘੀ ਅਦਾਲਤਾਂ ਵਿਚ ਚੁਣੌਤੀ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕਿਸੇ ਵੀ ਰਾਸ਼ਟਰਪਤੀ ਨੇ ਇੰਨੇ ਕਾਰਜਕਾਰੀ ਆਦੇਸ਼ ਜਾਰੀ ਨਹੀਂ ਕੀਤੇ ਸਨ। ਆਪਣੇ ਪਹਿਲੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਰਾਸ਼ਟਰਪਤੀ ਟਰੰਪ ਨੇ ਆਪਣੇ ਚੋਣ ਵਾਅਦੇ ਅਨੁਸਾਰ ਕਾਫੀ ਕੰਮ ਪੂਰੇ ਕਰ ਲਏ ਹਨ।
ਰਾਸ਼ਟਰਪਤੀ ਦੀ ਵੱਡੀ ਪ੍ਰਾਪਤੀ ‘ਦ ਬਿਗ ਬਿਊਟੀਫੁੱਲ ਬਿੱਲ’ ਨੂੰ ਪਾਸ ਕਰਨਾ ਹੈ। ਇਸ ਕਾਨੂੰਨ ਵਿਚ ਟੈਕਸ ਅਤੇ ਖਰਚ ਨੀਤੀਆਂ ਸ਼ਾਮਲ ਹਨ, ਜੋ ਟਰੰਪ ਦੇ ਦੂਜੇ ਕਾਰਜਕਾਲ ਦੇ ਏਜੰਡੇ ਦਾ ਮੁੱਖ ਹਿੱਸਾ ਹਨ।
ਭਾਵੇਂ ਕਿ ਚੋਣਾਂ ਦੌਰਾਨ ਰਾਸ਼ਟਰਪਤੀ ਟਰੰਪ ਦੀ ਪ੍ਰਸਿੱਧੀ ਵੱਧ ਸੀ। ਪਰ ਹੁਣ ਉਹ ਘੱਟ ਕੇ 42% ਰਹਿ ਗਈ ਹੈ। ਪਰ ਰਾਸ਼ਟਰਪਤੀ ਟਰੰਪ ਦਾ ਇਹ ਕਹਿਣਾ ਹੈ ਕਿ ਇਸ ਵਕਤ ਪ੍ਰਸਿੱਧੀ ਨਾਲੋਂ ਅਮਰੀਕਾ ਨੂੰ ਅੱਗੇ ਲਿਜਾਣਾ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੈਂ ਹਰ ਕੀਮਤ ‘ਤੇ ਅਮਰੀਕਾ ਨੂੰ ਇਕ ਵਾਰ ਫਿਰ ਤੋਂ ਮਹਾਨ ਦੇਖਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਸੱਤਾ ਸੰਭਾਲਣ ਤੋਂ ਪਹਿਲਾਂ ਦੇਸ਼ ਮਰ ਰਿਹਾ ਸੀ ਅਤੇ ਮੈਂ ਹੁਣ ਇਸ ਦੀ ਪੁਨਰਸੁਰਜੀਤੀ ਕੀਤੀ ਹੈ। ਅੱਜ ਦੁਨੀਆਂ ਵਿਚ ਇੱਕ ਵਾਰ ਫਿਰ ਅਮਰੀਕਾ ਇਕ ਸਤਿਕਾਰਤ ਦੇਸ਼ ਬਣ ਗਿਆ ਹੈ।