#AMERICA

ਅਮਰੀਕਾ ਨੇ ਇਰਾਨੀ ਤੇਲ ‘ਤੇ ਲਗਾਈ ਪਾਬੰਦੀ 1 ਮਹੀਨੇ ਲਈ ਹਟਾਈ!

ਵਾਸ਼ਿੰਗਟਨ, 23 ਮਾਰਚ (ਪੰਜਾਬ ਮੇਲ)- ਅਮਰੀਕਾ ਨੇ ਆਲਮੀ ਪੱਧਰ ‘ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਬੂ ਹੇਠ ਰੱਖਣ ਦੀਆਂ ਕੋਸ਼ਿਸ਼ਾਂ ਤਹਿਤ ਸਮੁੰਦਰ ‘ਚ ਫਸੇ ਇਰਾਨੀ ਤੇਲ ਦੀ ਵਿਕਰੀ ‘ਤੇ ਲਾਈਆਂ ਪਾਬੰਦੀਆਂ ਆਰਜ਼ੀ ਤੌਰ ‘ਤੇ ਇਕ ਮਹੀਨੇ ਲਈ ਹਟਾਉਣ ਦਾ ਐਲਾਨ ਕੀਤਾ ਹੈ। ਤੇਲ ਟੈਂਕਰਾਂ ‘ਚ ਲੱਦੇ ਇਰਾਨੀ ਤੇਲ ‘ਤੇ ਪਾਬੰਦੀਆਂ ‘ਚ ਢਿੱਲ ਸ਼ੁੱਕਰਵਾਰ ਤੋਂ ਲਾਗੂ ਹੋ ਗਈ ਹੈ, ਜੋ 19 ਅਪ੍ਰੈਲ ਤੱਕ ਜਾਰੀ ਰਹੇਗੀ। ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਕਿਹਾ ਕਿ ਇਸ ਆਰਜ਼ੀ ਕਦਮ ਨਾਲ 14 ਕਰੋੜ ਬੈਰਲ ਇਰਾਨੀ ਤੇਲ ਆਲਮੀ ਬਾਜ਼ਾਰ ‘ਚ ਉਪਲਬਧ ਕਰਵਾਇਆ ਜਾਵੇਗਾ। ਬੇਸੈਂਟ ਨੇ ‘ਐਕਸ’ ‘ਤੇ ਕਿਹਾ, ”ਇਹ ਆਰਜ਼ੀ ਖੁੱਲ੍ਹ ਸਿਰਫ਼ ਉਸ ਤੇਲ ਤੱਕ ਸੀਮਤ ਹੈ, ਜੋ ਪਹਿਲਾਂ ਤੋਂ ਹੀ ਰਸਤੇ ‘ਚ ਹੈ ਅਤੇ ਇਸ ‘ਚ ਨਵੀਂ ਖ਼ਰੀਦ ਜਾਂ ਉਤਪਾਦਨ ਦੀ ਮਨਜ਼ੂਰੀ ਸ਼ਾਮਲ ਨਹੀਂ ਹੈ।” ਇਕ ਅਮਰੀਕੀ ਅਧਿਕਾਰੀ ਨੇ ਦਾਅਵਾ ਕੀਤਾ ਕਿ ਹਾਲ ਦੀ ਘੜੀ ਪਾਬੰਦੀਸ਼ੁਦਾ ਇਰਾਨੀ ਤੇਲ ਨੂੰ ਚੀਨ ਸਸਤੇ ਭਾਅ ‘ਤੇ ਜਮ੍ਹਾਂ ਕਰ ਰਿਹਾ ਹੈ। ਇਰਾਨ ਨੂੰ ਇਸ ਤੋਂ ਹੋਣ ਵਾਲੀ ਆਮਦਨ ਹਾਸਲ ਕਰਨ ‘ਚ ਮੁਸ਼ਕਲ ਹੋਵੇਗੀ।