– 7 ਹਜ਼ਾਰ ਤੋਂ ਵੱਧ ਲੋਕ ਆਏ ਲਪੇਟ ‘ਚ
ਮਿਸ਼ੀਗਨ, 16 ਜੁਲਾਈ (ਪੰਜਾਬ ਮੇਲ)- ਅਫਰੀਕੀ ਦੇਸ਼ਾਂ ‘ਚ ਜਿੱਥੇ ਇਬੋਲਾ ਨੇ ਕਹਿਰ ਮਚਾਇਆ ਹੋਇਆ ਹੈ, ਉੱਥੇ ਹੀ ਅਮਰੀਕਾ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੇਟ ਦੀ ਇਕ ਗੰਭੀਰ ਬਿਮਾਰੀ ਫੈਲਾਉਣ ਵਾਲੇ ਸੂਖਮ ਪਰਜੀਵੀ (ਮਾਈਕ੍ਰੋਸਕੋਪਿਕ ਪੈਰਾਸਾਈਟ) ਸਾਈਕਲੋਸਪੋਰਾ ਦਾ ਪ੍ਰਕੋਪ ਤੇਜ਼ੀ ਨਾਲ ਵਧ ਰਿਹਾ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਮੁਤਾਬਕ, ਅਮਰੀਕਾ ਦੇ 34 ਸੂਬਿਆਂ ‘ਚ ਲਗਭਗ 7,000 ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਇਸ ਬਿਮਾਰੀ ਕਾਰਨ ਕਿਸੇ ਦੀ ਮੌਤ ਨਹੀਂ ਹੋਈ ਹੈ, ਪਰ 141 ਲੋਕਾਂ ਨੂੰ ਹਾਲਤ ਵਿਗੜਨ ਮਗਰੋਂ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ।
ਇਸ ਆਊਟਬ੍ਰੇਕ ਦਾ ਸਭ ਤੋਂ ਵੱਧ ਸ਼ਿਕਾਰ ਮਿਸ਼ੀਗਨ ਸੂਬਾ ਹੋਇਆ ਹੈ, ਜਿੱਥੇ 15 ਜੁਲਾਈ 2026 ਤੱਕ 3,762 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਨਿਊਯਾਰਕ (517 ਕੇਸ), ਓਹਾਇਓ (438 ਕੇਸ), ਨੌਰਥ ਕੈਰੋਲੀਨਾ (307 ਕੇਸ) ਅਤੇ ਇਲੀਨੋਇਸ (216 ਕੇਸ) ‘ਚ ਵੀ ਵੱਡੀ ਗਿਣਤੀ ‘ਚ ਲੋਕ ਬਿਮਾਰ ਹੋਏ ਹਨ। ਇਸ ਤੋਂ ਇਲਾਵਾ ਇੰਡੀਆਨਾ, ਟੈਕਸਾਸ ਅਤੇ ਨਿਊ ਜਰਸੀ ‘ਚ ਵੀ ਕਈ ਮਾਮਲੇ ਸਾਹਮਣੇ ਆਏ ਹਨ।
ਫਿਲਹਾਲ ਸਿਹਤ ਅਧਿਕਾਰੀ ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲਗਾ ਸਕੇ ਕਿ ਇਹ ਪਰਜੀਵੀ ਕਿਸ ਸਬਜ਼ੀ ਜਾਂ ਫਲ ਰਾਹੀਂ ਫੈਲ ਰਿਹਾ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਅਜਿਹੇ ਆਊਟਬ੍ਰੇਕ ਪੈਕਟਾਂ ਵਾਲੇ ਸਲਾਦ, ਹਰਾ ਧਨੀਆ, ਤੁਲਸੀ, ਰਸਭਰੀ ਅਤੇ ਹਰੇ ਪਿਆਜ਼ ਵਰਗੀਆਂ ਕੱਚੀਆਂ ਚੀਜ਼ਾਂ ਨਾਲ ਜੁੜੇ ਰਹੇ ਹਨ। ਮਾਹਿਰਾਂ ਮੁਤਾਬਕ ਇਹ ਇਨਫੈਕਸ਼ਨ ਖੇਤਾਂ ਜਾਂ ਸਿੰਚਾਈ ਦੇ ਪਾਣੀ ਰਾਹੀਂ ਸ਼ੁਰੂ ਹੁੰਦਾ ਹੈ, ਜਿਸ ਕਾਰਨ ਇਸ ਇਨਫੈਕਸ਼ਨ ਦੇ ਸੋਰਸ ਤੱਕ ਪਹੁੰਚਣਾ ਮੁਸ਼ਕਲ ਹੋ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਕੁਝ ਪੋਸਟਾਂ ਮਗਰੋਂ, ਮਸ਼ਹੂਰ ਫਾਸਟ-ਫੂਡ ਚੇਨ ‘ਟੈਕੋ ਬੈੱਲ’ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਭਾਵੇਂ ਅਧਿਕਾਰੀਆਂ ਵੱਲੋਂ ਅਜੇ ਤੱਕ ਕਿਸੇ ਰੈਸਟੋਰੈਂਟ ਨਾਲ ਸਾਈਕਲੋਸਪੋਰਾ ਦਾ ਲਿੰਕ ਸਾਬਤ ਨਹੀਂ ਕੀਤਾ ਗਿਆ, ਫਿਰ ਵੀ ਉਨ੍ਹਾਂ ਨੇ ਸਾਵਧਾਨੀ ਵਜੋਂ ਆਪਣੇ ਕੁਝ ਰੈਸਟੋਰੈਂਟਾਂ ‘ਚੋਂ ਸਲਾਦ ਵਰਗੀਆਂ ਕਈ ਚੀਜ਼ਾਂ ਨੂੰ ਅਸਥਾਈ ਤੌਰ ‘ਤੇ ਹਟਾ ਦਿੱਤਾ ਹੈ।
ਇਹ ਅਸਲ ‘ਚ ਇੱਕ ਅੰਤੜੀਆਂ ਦੀ ਬਿਮਾਰੀ ਹੈ, ਜੋ ਦੂਸ਼ਿਤ ਭੋਜਨ ਜਾਂ ਪਾਣੀ ਦੇ ਸੇਵਨ ਨਾਲ ਹੁੰਦੀ ਹੈ। ਇਸ ਦਾ ਮੁੱਖ ਲੱਛਣ ਵਾਰ-ਵਾਰ ਅਤੇ ਬਹੁਤ ਤੇਜ਼ ਪਾਣੀ ਵਰਗੇ ਦਸਤ ਲੱਗਣਾ ਹੈ (ਬਲਾਸਟ ਡਾਇਰੀਆ)। ਇਹ ਇਨਫੈਕਸ਼ਨ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਨਹੀਂ ਫੈਲਦੀ। ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ, ਤਾਂ ਲੱਛਣ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਰਹਿ ਸਕਦੇ ਹਨ।
ਸਿਹਤ ਵਿਭਾਗ ਨੇ ਰੈਸਟੋਰੈਂਟਾਂ ਅਤੇ ਘਰਾਂ ‘ਚ ਹਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋਣ, ਸਲਾਦ ਦੇ ਬਾਹਰੀ ਪੱਤਿਆਂ ਨੂੰ ਹਟਾਉਣ ਅਤੇ ਹੋ ਸਕੇ ਤਾਂ ਸਬਜ਼ੀਆਂ ਤੇ ਰਸਭਰੀ ਨੂੰ ਪਕਾ ਕੇ ਵਰਤਣ ਦੀ ਸਲਾਹ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਲਗਾਤਾਰ ਦਸਤ ਦੀ ਸ਼ਿਕਾਇਤ ਹੈ, ਉਹ ਤੁਰੰਤ ਡਾਕਟਰ ਨਾਲ ਸੰਪਰਕ ਕਰਨ, ਤਾਂ ਜੋ ਗੰਭੀਰ ਬਿਮਾਰੀ ਤੋਂ ਬਚਿਆ ਜਾ ਸਕੇ।
ਅਮਰੀਕਾ ਦੇ 34 ਸੂਬਿਆਂ ‘ਚ ਸਾਈਕਲੋਸਪੋਰਾ ਦਾ ਕਹਿਰ!

