#AMERICA

ਅਮਰੀਕਾ ਦੇ 25 ਹਜ਼ਾਰ ਖ਼ਤਰਨਾਕ ਅਪਰਾਧੀਆਂ ਦੀ ਸੂਚੀ ‘ਚ 89 ਭਾਰਤੀ

-ਪੰਜਾਬੀ ਅਤੇ ਗੁਜਰਾਤੀ ਸਭ ਤੋਂ ਜ਼ਿਆਦਾ, ਅਮਰੀਕੀ ਪੰਜਾਬੀਆਂ ਤੇ ਗੁਜਰਾਤੀਆਂ ‘ਚ ਫ਼ਿਕਰ
ਵਾਸ਼ਿੰਗਟਨ, 26 ਫਰਵਰੀ (ਪੰਜਾਬ ਮੇਲ)- ਅਮਰੀਕਾ ‘ਚ ਭਾਰਤੀਆਂ ਦੀ ਪ੍ਰੇਸ਼ਾਨੀ ਵਧ ਰਹੀ ਹੈ। ਅਮਰੀਕਾ ਦੇ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ (ਡੀ.ਐੱਚ.ਐੱਸ.) ਨੇ ਇਕ ਨਵੀਂ ਵੈੱਬਸਾਈਟ ‘ਤੇ ਬੁਰੇ ਤੋਂ ਬੁਰੇ ਕਰੀਬ 25,000 ਗੈਰ-ਕਾਨੂੰਨੀ ਪ੍ਰਵਾਸੀ ਅਪਰਾਧੀਆਂ ਦੀ ਜਾਣਕਾਰੀ ਜਨਤਕ ਕੀਤੀ ਹੈ। ਇਸ ਵੈੱਬਸਾਈਟ ‘ਚ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਅਤੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਗੰਭੀਰ ਅਪਰਾਧਾਂ ਅਧੀਨ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੇ ਵੇਰਵੇ ਦਰਜ ਹਨ। ਇਸ ਸੂਚੀ ਵਿਚ 89 ਭਾਰਤੀ ਮੂਲ ਦੇ ਵਿਅਕਤੀ ਹਨ, ਜਿਨ੍ਹਾਂ ਵਿਚ 2 ਦਰਜਨ ਤੋਂ ਵਧੇਰੇ ਲੋਕਾਂ ਦੇ ਨਾਂ ਨਾਲ ਸਿੰਘ ਜਾਂ ਕੌਰ ਲਿਖਿਆ ਹੈ। ਹਾਲਾਂਕਿ ਇਨ੍ਹਾਂ ਵਿਚੋਂ ਬਹੁਤੇ ਮੋਨੇ ਹਨ। ਜਦੋਂਕਿ ਗੁਜਰਾਤੀਆਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈ। ਬਾਕੀਆਂ ਵਿਚ ਮੁਸਲਮਾਨ ਤੇ ਹੋਰ ਭਾਰਤੀ ਹਨ। ਇਨ੍ਹਾਂ ਸਾਰਿਆਂ ਨੂੰ ਹੀ ਅਮਰੀਕਾ ਤੋਂ ਵਾਪਸ ਭੇਜਿਆ (ਡਿਪੋਰਟ) ਜਾ ਰਿਹਾ ਹੈ। ਇਹ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਦਾ ਹਿੱਸਾ ਹੈ।
ਡੀ.ਐੱਚ.ਐੱਸ. ਨੇ ਕਿਹਾ ਕਿ ਇਹ ਅੰਕੜਾ ਅਮਰੀਕੀ ਨਾਗਰਿਕਾਂ ਨੂੰ ਉਨ੍ਹਾਂ ਅਪਰਾਧੀਆਂ ਬਾਰੇ ਜਾਣਕਾਰੀ ਦੇਣ ਲਈ ਬਣਾਇਆ ਗਿਆ ਹੈ, ਜੋ ਉਨ੍ਹਾਂ ਦੇ ਸਮਾਜ ਲਈ ਖ਼ਤਰਾ ਬਣੇ ਹੋਏ ਹਨ। ਇਸ ਸੂਚੀ ਨੇ ਭਾਰਤੀ-ਅਮਰੀਕੀ ਭਾਈਚਾਰੇ ਵਿਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ ਕਿਉਂਕਿ ਬਹੁਤੇ ਭਾਰਤੀ-ਅਮਰੀਕੀ ਕਾਨੂੰਨ ਪਾਲਣ ਵਾਲੇ ਨਾਗਰਿਕ ਹਨ ਅਤੇ ਅਮਰੀਕੀ ਅਰਥਵਿਵਸਥਾ ਵਿਚ ਵੱਡਾ ਯੋਗਦਾਨ ਪਾ ਰਹੇ ਹਨ, ਪਰ ਕੁਝ ਵਿਸ਼ਲੇਸ਼ਕ ਇਸ ਨੂੰ ਨਸਲੀ ਵਿਤਕਰੇ ਵਜੋਂ ਵੀ ਵੇਖ ਰਹੇ ਹਨ। ਡੀ.ਐੱਚ.ਐੱਸ. ਨੇ ਇਸ ਨੂੰ ਅਪਰਾਧ ਵਿਰੋਧੀ ਕਾਰਵਾਈ ਐਲਾਨਿਆ ਹੈ। ਇਸ ਰਿਪੋਰਟ ਨੇ ਅਮਰੀਕੀ ਪੰਜਾਬੀਆਂ ਅਤੇ ਗੁਜਰਾਤੀਆਂ ਨੂੰ ਫ਼ਿਕਰਾਂ ਵਿਚ ਪਾ ਦਿੱਤਾ ਹੈ।
2 ਦਰਜਨ ਤੋਂ ਵਧੇਰੇ ਅਜਿਹੇ ਵਿਅਕਤੀਆਂ ‘ਤੇ ਵਿੱਤੀ ਧੋਖਾਧੜੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹਿੰਸਕ ਅਪਰਾਧਾਂ ਵਰਗੇ ਦੋਸ਼ ਹਨ। ਵੈੱਬਸਾਈਟ ‘ਤੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੇਰਵੇ ਆਮ ਜਨਤਾ ਲਈ ਉਪਲੱਬਧ ਹਨ।