ਸੈਕਰਾਮੈਂਟੋ,ਕੈਲੀਫੋਰਨੀਆ, 10 ਮਾਰਚ (ਹੁਸਨ ਲੜੋਆ ਬੰਗਾ/ ਪੰਜਾਬ ਮੇਲ)- ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਵਗਦੇ ਹਡਸਨ ਦਰਿਆ ਵਿਚ ਜੁਲਾਈ 2022 ਵਿਚ ਕਿਸ਼ਤੀ ਉਲਟ ਜਾਣ ਕਾਰਨ ਹੋਈਆਂ 2 ਮੌਤਾਂ ਦੇ ਮਾਮਲੇ ਵਿਚ ਆਖਰਕਾਰ ਪੁਲਿਸ ਵੱਲੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਨਿਊਯਾਰਕ ਦੇ ਦੱਖਣੀ ਜਿਲੇ ਦੇ ਯੂ ਐਸ ਅਟਾਰਨੀ ਦਫਤਰ ਅਨੁਸਾਰ ਗ੍ਰਿਫਤਾਰ ਕੀਤੇ ਵਿਅਕਤੀਆਂ ਵਿਚ ਕਿਸ਼ਤੀ ਦਾ ਮਾਲਕ ਰਿਚਰਡ ਕਰੂਜ਼ (32) ਤੇ ਕਿਸ਼ਤੀ ਚਾਲਕ ਪਾਇਲਟ ਜੈਮ ਪਿਨੀਲਾ ਗੋਮਜ਼ (25) ਸ਼ਾਮਲ ਹੈ ਜਿਨਾਂ ਵਿਰੁੱਧ ਅਣਗਹਿਲੀ ਵਰਤਣ ਦੇ ਦੋਸ਼ ਆਇਦ ਕੀਤੇ ਗਏ ਹਨ ਜਿਸ ਕਾਰਨ ਇਕ ਬੱਚੇ ਤੇ ਇਕ ਔਰਤ ਦੀ ਮੌਤ ਹੋਈ। ਦਰਜ ਅਪਰਾਧਕ ਸ਼ਿਕਾਇਤ ਅਨੁਸਾਰ ਹਾਦਸੇ ਸਮੇ ਕਿਸ਼ਤੀ ਵਿਚ ਸਮਰੱਥਾ ਤੋਂ ਵਧ 13 ਲੋਕ ਸਵਾਰ ਸਨ ਜੋ ਉਲਟ ਗਈ। ਬਚਾਅ ਟੀਮਾਂ ਨੇ ਦੋ ਜਣਿਆਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਕਿਸ਼ਤੀ ਦੇ ਹੇਠੋਂ ਕੱਢਿਆ। ਬਾਅਦ ਵਿਚ ਜਿਨਾਂ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਵਿਭਾਗ ਨੇ ਮ੍ਰਿਤਕਾਂ ਦੀ ਪਛਾਣ ਜੁਲੀਅਨ ਵਾਸਕੁਏਜ਼ (7) ਤੇ ਲਿੰਡੇਲੀਆ ਵਾਸਕੁਏਜ਼ (48) ਵਜੋਂ ਕੀਤੀ ਸੀ। ਅਪਰਾਧਕ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਲੋੜੀਂਦਾ ਲਾਇਸੰਸ ਨਾ ਹੋਣ ਦੇ ਬਾਵਜੂਦ ਕਰੂਜ਼ ਤੇ ਗੋਮਜ ਸੈਲਾਨੀਆਂ ਨੂੰ ਦਰਿਆ ਦੀ ਸੈਰ ਕਰਵਾਉਂਦੇ ਸਨ। ਨਿਊਯਾਰਕ ਦੇ ਦੱਖਣੀ ਜਿਲੇ ਦੇ ਯੂ ਐਸ ਅਟਾਰਨੀ ਡਮੀਅਨ ਵਿਲੀਅਮਜ ਨੇ ਇਕ ਜਾਰੀ ਬਿਆਨ ਵਿਚ ਕਿਹਾ ਹੈ ਕਿ ਇਨਾਂ ਨੂੰ ਵਧ ਤੋਂ ਵਧ 10 ਸਾਲ ਤੱਕ ਸਜ਼ਾ ਹੋ ਸਕਦੀ ਹੈ।