ਨਿਊਯਾਰਕ, 9 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਜਿਵੇਂ ਅਮਰੀਕਾ ਵਿਚ ਚੱਲ ਰਹੇ ਬੇਨੰਬਰੀ ਧੰਦਿਆਂ ਵਿਚ ਗੁਜਰਾਤੀਆਂ ਦੀ ਸ਼ਮੂਲੀਅਤ ਵਧਦੀ ਜਾ ਰਹੀ ਹੈ, ਉੱਥੇ ਹੀ ਹਰ ਰੋਜ਼ ਕੋਈ ਨਾ ਕੋਈ ਗੁਜਰਾਤੀ ਪੁਲਿਸ ਵੱਲੋਂ ਫੜਿਆ ਜਾ ਰਿਹਾ ਹੈ। ਉਨ੍ਹਾਂ ਵਿਚੋਂ ਕੋਈ ਨਾ ਕੋਈ ਗੁਜਰਾਤੀ ਸੋਨੇ ਦੇ ਘੁਟਾਲੇ ਵਿਚ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ ਅਤੇ ਦੇਸ਼ ਨਿਕਾਲੇ ਦੀ ਤਲਵਾਰ ਉਨ੍ਹਾਂ ਦੇ ਸਿਰ ‘ਤੇ ਲਟਕ ਰਹੀ ਹੈ। ਅਜਿਹੇ ਹੀ ਇੱਕ ਮਾਮਲੇ ਵਿਚ ਮਿੰਟਗੁਮਰੀ ਕਾਉਂਟੀ ਪੁਲਿਸ ਵਿਭਾਗ ਨੇ ਕੈਰੋਲ ਸਟ੍ਰੀਮ, ਇਲੀਨੋਇਸ (ਅਮਰੀਕਾ) ਦੇ ਰਹਿਣ ਵਾਲੇ ਨੀਲ ਪਟੇਲ ਨਾਮੀਂ 23 ਸਾਲਾ ਗੁਜਰਾਤੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।
23 ਸਾਲ ਦੀ ਉਮਰ ‘ਚ ਵੱਡਾ ਘਪਲਾ ਕਰਨ ਵਾਲੇ ਨੀਲ ਪਟੇਲ ‘ਤੇ ਦੋਸ਼ ਹੈ ਕਿ ਉਹ ਫਰਜ਼ੀ ਐੱਫ.ਬੀ.ਆਈ. ਦਾ ਸਰਕਾਰੀ ਅਧਿਕਾਰੀ ਦੱਸ ਕੇ ਸੀਨੀਅਰ ਨਾਗਰਿਕਾਂ ਤੋਂ ਸੋਨਾ ਹੜੱਪਣ ਦੇ ਘੁਟਾਲੇ ‘ਚ ਸ਼ਾਮਲ ਸੀ। ਇਸ ਕੇਸ ਵਿਚ ਨੀਲ ਪਟੇਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਬਾਰੇ ਪੀੜਤ ਨੇ ਮਾਰਚ 2024 ਨੂੰ ਪੁਲਿਸ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਉਸ ਨਾਲ 7 ਲੱਖ 89 ਹਜ਼ਾਰ ਡਾਲਰ ਦੀ ਧੋਖਾਧੜੀ ਕੀਤੀ ਗਈ ਹੈ। ਪੀੜਤ ਅਨੁਸਾਰ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫ਼ੋਨ ਆਇਆ, ਜਿਸ ਨੇ ਆਪਣੀ ਪਛਾਣ ਫੈਡਰਲ ਟਰੇਡ ਕਮਿਸ਼ਨ ਦੇ ਇੰਸਪੈਕਟਰ ਜਨਰਲ ਦੇ ਵਜੋਂ ਦੱਸੀ। ਫੋਨ ਕਾਲ ਕਰਨ ਵਾਲੇ ਨੇ ਪੀੜਤ ਨੂੰ ਦੱਸਿਆ ਕਿ ਉਸ ਦੀ ਪਛਾਣ ਚੋਰੀ ਹੋ ਗਈ ਸੀ ਅਤੇ ਅਪਰਾਧਿਕ ਗਤੀਵਿਧੀ ਕੀਤੀ ਗਈ ਸੀ, ਜਿਸ ਨਾਲ ਫੈਡਰਲ ਸਰਕਾਰ ਨੇ ਉਸ ਖ਼ਿਲਾਫ਼ ਡਰੱਗ ਅਤੇ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਸੀ।
ਪੀੜਤ ਨੂੰ ਡਰਾਉਣ ਧਮਕਾਉਣ ਤੋਂ ਬਾਅਦ, ਫੋਨ ਕਰਨ ਵਾਲੇ ਨੇ ਉਸ ਨੂੰ ਸਲਾਹ ਦਿੱਤੀ ਕਿ ਉਸ ਦਾ ਬੈਂਕ ਖਾਤਾ ਹੁਣ ਸੁਰੱਖਿਅਤ ਨਹੀਂ ਹੈ। ਉਹ ਸਾਰੇ ਪੈਸੇ ਕਢਵਾ ਲਵੇ ਅਤੇ ਇਸ ਨੂੰ ਸੋਨੇ ਵਿਚ ਬਦਲ ਦੇਵੇ ਅਤੇ ਐੱਫ.ਬੀ.ਆਈ. ਏਜੰਟ ਉਸਦੇ ਘਰੋਂ ਸੋਨਾ ਇਕੱਠਾ ਕਰਕੇ ਸੁਰੱਖਿਅਤ ਹਿਰਾਸਤ ਵਿਚ ਰੱਖੇਗਾ। ਫੈਡਰਲ ਸਰਕਾਰ ਕੇਸ ਖ਼ਤਮ ਹੁੰਦੇ ਹੀ ਇਹ ਸੋਨਾ ਉਸ ਨੂੰ ਵਾਪਸ ਕਰ ਦੇਵੇਗੀ। ਫਰਜ਼ੀ ਕਾਲਰ ਅਨੁਸਾਰ ਬਜ਼ੁਰਗ ਵਿਅਕਤੀ ਨੇ ਆਪਣੇ ਬੈਂਕ ਖਾਤੇ ਵਿਚੋਂ ਪੈਸੇ ਕਢਵਾਏ ਸਨ ਅਤੇ ਆਨਲਾਈਨ ਸੋਨਾ ਖਰੀਦਿਆ ਸੀ, ਜੋ ਕਿ ਇੱਕ ਫਰਜ਼ੀ ਐੱਫ.ਬੀ.ਆਈ. ਏਜੰਟ ਨੇ ਵੱਖ-ਵੱਖ ਦਿਨਾਂ ਵਿਚ ਕੋਰੀਅਰ ਰਾਹੀਂ ਘਰ ਪਹੁੰਚਣ ਤੋਂ ਬਾਅਦ ਇਕੱਠਾ ਕੀਤਾ ਸੀ।
ਬਜ਼ੁਰਗ ਵਿਅਕਤੀ ਨੇ ਪਹਿਲਾਂ 3 ਲੱਖ 31 ਹਜਾਰ ਡਾਲਰ ਦੇ ਮੁੱਲ ਦਾ ਸੋਨਾ ਉਸ ਦੇ ਘਰ ਆਏ ਫਰਜ਼ੀ ਐੱਫ.ਬੀ.ਆਈ. ਏਜੰਟ ਨੂੰ ਸੌਂਪਿਆ, ਜੋ ਕਿ ਕੋਈ ਹੋਰ ਨਹੀਂ ਸੀ ਸਗੋਂ ਉਹ ਭਾਰਤੀ-ਗੁਜਰਾਤੀ ਨੌਜਵਾਨ ਨੀਲ ਪਟੇਲ ਸੀ। ਜਦਕਿ ਦੂਜੀ ਵਾਰ ਵੇਨਹੂਈ ਸਨ ਨਾਂ ਦਾ ਇਕ ਚੀਨੀ ਮੁੰਡਾ ਪੀੜਤ ਤੋਂ ਸੋਨਾ ਲੈਣ ਗਿਆ ਸੀ, ਜਿਸ ਨੂੰ ਨਜ਼ਰ ਰੱਖੀ ਬੈਠੀ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਅਨੁਸਾਰ ਨੀਲ ਪਟੇਲ ਨੂੰ 23 ਜੁਲਾਈ, 2024 ਨੂੰ ਸ਼ਿਕਾਗੋ ਦੇ ਓ’ਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਡਬਲਿਨ, ਆਇਰਲੈਂਡ ਲਈ ਉਡਾਣ ਫੜਨ ਲਈ ਸ਼ਿਕਾਗੋ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। 6 ਅਗਸਤ ਨੂੰ ਉਸ ਨੂੰ ਮੈਰੀਲੈਂਡ ਦੀ ਪੁਲਿਸ ਦੇ ਹਵਾਲੇ ਕੀਤਾ ਗਿਆ। ਨੀਲ ਪਟੇਲ ਜੋ ਇਸ ਸਮੇਂ ਮਿੰਟਗੁਮਰੀ ਕਾਉਂਟੀ ਜੇਲ੍ਹ ਵਿਚ ਬੰਦ ਹੈ ਅਤੇ ਅਜੇ ਤੱਕ ਉਸ ਨੂੰ ਬਾਂਡ ‘ਤੇ ਨਹੀਂ ਰੱਖਿਆ ਗਿਆ ਹੈ।