* ਚੋਰੀ ਦੇ ਸ਼ੱਕ ਵਿਚ 14 ਸਾਲਾ ਲੜਕੇ ਨੂੰ ਮਾਰੀ ਸੀ ਗੋਲੀ
ਸੈਕਰਾਮੈਂਟੋ, 3 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਸਾਊਥ ਕੈਰੋਲੀਨਾ ਰਾਜ ਵਿਚ ਇਕ ਗੈਸ ਸਟੇਸ਼ਨ ਦੇ ਮਾਲਕ ਵਿਰੁੱਧ 14 ਸਾਲਾ ਲੜਕੇ ਦੀ ਹੱਤਿਆ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਲੰਘੇ ਐਤਵਾਰ ਵਾਪਰੀ ਇਸ ਘਟਨਾ ਤੋਂ ਬਾਅਦ ਲੋਕਾਂ ਵਿਚ ਗੁੱਸਾ ਤੇ ਰੋਹ ਵੇਖਣ ਨੂੰ ਮਿਲਿਆ। ਲੋਕਾਂ ਨੇ ਸਟੋਰ ਵਿਚ ਲੁੱਟਮਾਰ ਤੇ ਭੰਨਤੋੜ ਕੀਤੀ। ਰਿਚਲੈਂਡ ਕਾਊਂਟੀ ਦੇ ਸ਼ੈਰਿਫ ਲੀਓਨ ਲੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 58 ਸਾਲਾ ਰਿਕ ਚੋਅ ਨੂੰ ਸ਼ੱਕ ਸੀ ਕਿ ਲੜਕੇ ਨੇ ਉਸ ਦੇ ਐਕਸਪ੍ਰੈਸ ਮਾਰਟ ਸ਼ੈਲ ਸਟੋਰ, ਕੋਲੰਬੀਆ ਵਿਚੋਂ ਕੁਝ ਵਸਤਾਂ ਚੋਰੀ ਕੀਤੀਆਂ ਹਨ ਇਸ ਲਈ ਚੋਅ ਤੇ ਉਸ ਦੇ ਪੁੱਤਰ ਨੇ ਭਜੇ ਜਾਂਦੇ ਸਾਈਰਸ ਕਾਰਮੈਕ ਬੈਲਟਨ ਨਾਮੀ ਲੜਕੇ ਦੀ ਪਿੱਠ ਵਿਚ ਗੋਲੀ ਮਾਰੀ ਜਿਸ ਨਾਲ ਉਸ ਦੀ ਮੌਤ ਹੋ ਗਈ। ਉਨਾਂ ਕਿਹਾ ਕਿ ਕਾਲਾ ਲੜਕਾ ਬੈਲਟਨ ਮਿਡਲ ਸਕੂਲ ਦਾ ਵਿਦਿਆਰਥੀ ਸੀ। ਉਹ ਤਕਰੀਬਨ ਸ਼ਾਮ 8 ਵਜੇ ਸਟੋਰ ਵਿਚ ਗਿਆ। ਲੋਟ ਨੇ ਸਪੱਸ਼ਟ ਕੀਤਾ ਕਿ ਲੜਕੇ ਨੇ ਸਟੋਰ ਵਿਚੋਂ ਕੋਈ ਚੋਰੀ ਨਹੀਂ ਕੀਤੀ। ਉਨਾਂ ਕਿਹਾ ਕਿ ਬੈਲਟਨ ਨੇ ਪਾਣੀ ਦੀਆਂ 4 ਬੋਤਲਾਂ ਕੂਲਰ ਤੋਂ ਚੁੱੱਕੀਆਂ ਸਨ ਤੇ ਵਾਪਿਸ ਫਿਰ ਉਥੇ ਹੀ ਰੱਖ ਦਿੱਤੀਆਂ । ਉਪਰੰਤ ਸਟੋਰ ਮਾਲਕ ਨਾਲ ਤਕਰਾਰ ਤੋਂ ਬਾਅਦ ਉਹ ਸਟੋਰ ਤੋਂ ਬਾਹਰ ਚਲਾ ਗਿਆ। ਇਸੇ ਦੌਰਾਨ ਰਿਚਲੈਂਡ ਕਾਊਂਟੀ ਦੇ ਕੋਰੋਨਰ ਨਾਈਡਾ ਰੁਦਰਫੋਰਡ ਨੇ ਇੰਸਟਗਰਾਮ ਉਪਰ ਪਾਈ ਇਕ ਵੀਡੀਓ ਵਿਚ ਕਿਹਾ ਹੈ ਕਿ ਸਟੋਰ ਦੀ ਵੀਡੀਓ ਰਿਕਾਰਡਿੰਗ ਵੇਖਣ ਤੋਂ ਪਤਾ ਲੱਗਦਾ ਹੈ ਕਿ ਲੜਕਾ ਵਸਤਾਂ ਚੋਰੀ ਨਹੀਂ ਕਰ ਰਿਹਾ ਬਲਕਿ ਕੁਝ ਵਸਤਾਂ ਚੁੱਕ ਰਿਹਾ ਹੈ ਪਰੰਤੂ ਇਸ ਦੇ ਤੁਰੰਤ ਬਾਅਦ ਉਸ ਨੇ ਵਸਤਾਂ ਉਥੇ ਹੀ ਰੱਖ ਦਿੱਤੀਆਂ ਜਿਥੋਂ ਉਸ ਨੇ ਚੁੱਕੀਆਂ ਸਨ। ਸਟੋਰ ਮਾਲਕ ਨੇ ਲੜਕੇ ਕੋਲ ਗੰਨ ਹੋਣ ਦੀ ਗੱਲ ਕਹੀ ਹੈ ਪਰੰਤੂ ਪੁਲਿਸ ਦਾ ਕਹਿਣਾ ਹੈ ਕਿ ਲੜਕੇ ਦੀ ਲਾਸ਼ ਕੋਲੋਂ ਗੰਨ ਜਰੂਰ ਮਿਲੀ ਹੈ ਪਰੰਤੂ ਅਜਿਹਾ ਕੋਈ ਵੀ ਸਬੂਤ ਨਹੀਂ ਮਿਲਿਆ ਜਿਸ ਤੋਂ ਪਤਾ ਲੱਗਦਾ ਹੋਵੇ ਕਿ ਲੜਕੇ ਨੇ ਮਰਨ ਤੋਂ ਪਹਿਲਾਂ ਸਟੋਰ ਮਾਲਕ ‘ਤੇ ਬੰਦੂਕ ਤਾਣੀ ਸੀ।