#AMERICA

ਅਮਰੀਕਾ ਦੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਭਾਰਤੀ ਵਿਦਿਆਰਥੀ ਪਹਿਲੇ ਸਥਾਨ ‘ਤੇ

* ਪਿਛਲੇ ਸਾਲ 7000 ਵਿਦਿਆਰਥੀਆਂ ਨੇ ਵੀਜ਼ਾ ਖਤਮ ਹੋਣ ਦੇ ਬਾਵਜੂਦ ਨਹੀਂ ਕੀਤੀ ਵਤਨ ਵਾਪਸੀ
* ਸਦਨ ਦੀ ਕਮੇਟੀ ਨੂੰ ਸਖਤ ਨਿਯਮ ਲਾਗੂ ਕਰਨ ਦਾ ਦਿੱਤਾ ਸੁਝਾਅ
ਸੈਕਰਾਮੈਂਟੋ, 5 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਪਿਛਲੇ ਸਾਲ ਭਾਰਤ ਦੇ ਸਭ ਤੋਂ ਵਧ ਵਿਦਿਆਰਥੀਆਂ ਨੇ ਵੀਜ਼ਾ ਨਿਯਮਾਂ ਨੂੰ ਤੋੜਿਆ ਤੇ 7000 ਭਾਰਤੀ ਵਿਦਿਆਰਥੀ ਵੀਜ਼ਾ ਖਤਮ ਹੋਣ ਦੇ ਬਾਵਜੂਦ ਅਮਰੀਕਾ ਵਿਚ ਟਿਕੇ ਰਹੇ। ਯੂ.ਐੱਸ. ਇਮੀਗ੍ਰੇਸ਼ਨ ਮਾਹਿਰ ਜੈਸਿਕਾ ਐੱਮ ਵਾਘਨ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਭਾਰਤ ਤੋਂ ਬਾਅਦ ਬ੍ਰਾਜ਼ੀਲ ਤੇ ਚੀਨ ਦਾ ਸਥਾਨ ਆਉਂਦਾ ਹੈ। ਇਸ ਤੋਂ ਬਾਅਦ ਹਰੇਕ ਦੇਸ਼ ਦੇ 2000 ਦੇ ਆਸ-ਪਾਸ ਵਿਦਿਆਰਥੀਆਂ ਨੇ ਵੀਜ਼ਾ ਖਤਮ ਹੋਣ ਦੀ ਪ੍ਰਵਾਹ ਨਹੀਂ ਕੀਤੀ ਤੇ ਉਹ ਨਿਰਧਾਰਤ ਸਮਾਂ ਸੀਮਾ ਤੋਂ ਬਾਅਦ ਵੀ ਅਮਰੀਕਾ ਵਿਚ ਰਹਿ ਰਹੇ ਹਨ। ਨਿਆਂਪਾਲਿਕਾ ਸਬੰਧੀ ਯੂ.ਐੱਸ. ਹਾਊਸ ਕਮੇਟੀ ਦੇ ਸਾਹਮਣੇ ਬੋਲਦਿਆਂ ਵਾਘਨ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸਾਰੇ ਆਰਜੀ ਵੀਜ਼ਾ ਸ਼੍ਰੇਣੀਆਂ ਵਿਚੋਂ ਨਿਰਧਾਰਤ ਸਮਾਂ ਸੀਮਾ ਦੀ ਉਲੰਘਣਾ ਕਰਨ ਵਲਿਆਂ ਦੀ ਸਭ ਤੋਂ ਵਧ ਗਿਣਤੀ ਐੱਫ-1 (ਅਕਾਦਮਿਕ ਵਿਦਿਆਰਥੀ) ਤੇ ਐੱਮ-1 (ਵੋਕੇਸ਼ਨਲ ਵਿਦਿਆਰਥੀ) ਵੀਜ਼ਾ ਸ਼੍ਰੇਣੀ ਵਾਲਿਆਂ ਦੀ ਹੈ। ਇਮੀਗ੍ਰੇਸ਼ਨ ਅਧਿਐਨ ਬਾਰੇ ਕੇਂਦਰ ਵਿਖੇ ਨੀਤੀ ਵਿਸ਼ਲੇਸ਼ਕ ਵਾਘਨ ਨੇ ਕਿਹਾ ਕਿ ਮੌਜੂਦਾ ਪ੍ਰਣਾਲੀ ਬਹੁਤ ਨਰਮ ਹੈ, ਜੋ ਵਿਦਿਆਰਥੀਆਂ ਨੂੰ ਵੀਜ਼ਾ ਸਥਿਤੀ ਦੀ ਦੁਰਵਰਤੋਂ ਕਰਨ ਦੀ ਇਜ਼ਾਜਤ ਦਿੰਦੀ ਹੈ। ਉਨ੍ਹਾਂ ਨੇ ਸਖਤ ਨਿਯਮ ਲਾਗੂ ਕਰਨ ਦਾ ਸੁਝਾਅ ਦਿੱਤਾ, ਜਿਸ ਤਹਿਤ ਵਿਦਿਆਰਥੀਆਂ ਦੀ ਪੜ੍ਹਾਈ ਉਪਰੰਤ ਘਰ ਵਾਪਸੀ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਨੇ ਦੋ-ਮੂੰਹੀ ਨੀਤੀ ਦੀ ਆਲੋਚਨਾ ਕੀਤੀ, ਜੋ ਵਿਦਿਆਰਥੀਆਂ ਵਿਚ ਗ੍ਰੈਜੂਏਸ਼ਨ ਉਪਰੰਤ ਅਮਰੀਕਾ ਵਿਚ ਟਿਕੇ ਰਹਿਣ ਦੀ ਰੁਚੀ ਪੈਦਾ ਕਰਦੀ ਹੈ। ਵਾਘਨ ਨੇ ਸਕੂਲਾਂ ਉਪਰ ਸਖਤ ਨਿਯੰਤਰਣ ‘ਤੇ ਸਖਤ ਮਾਪਦੰਡ ਲਾਗੂ ਕਰਨ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੀਜ਼ਾ ਸਮਾਂ ਸੀਮਾ ਉਲੰਘਣਾ ਕਰਨ ਦੇ ਮਾਮਲੇ ਵਿਚ ਜਿਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ, ਉਨ੍ਹਾਂ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਸੱਦਣ ਦਾ ਅਧਿਕਾਰ ਖਤਮ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀ ਵੀਜ਼ਾ ਤੋਂ ਇਲਾਵਾ ਐੱਚ-1 ਬੀ ਵੀਜ਼ਾ ਸਮੇਤ ਵਰਕ ਵੀਜ਼ਾ ਪ੍ਰੋਗਰਾਮ ਵਿਚ ਵੀ ਵੱਡੇ ਪੱਧਰ ‘ਤੇ ਸੁਧਾਰਾਂ ਦੀ ਲੋੜ ਉਪਰ ਜ਼ੋਰ ਦਿੱਤਾ। ਉਨ੍ਹਾਂ ਤਜਵੀਜ਼ ਰੱਖੀ ਕਿ ਐੱਚ-ਬੀ ਵੀਜ਼ਾ ਸ਼੍ਰੇਣੀ ਵਿਚ ਸਾਲਾਨਾ 75000 ਕਟੌਤੀ ਕੀਤੀ ਜਾਵੇ ਤੇ ਉੱਚ ਮਜ਼ਦੂਰੀ ਦੇਣ ਵਾਲੇ ਮਾਲਕਾਂ ਨੂੰ ਤਰਜੀਹ ਦਿੱਤੀ ਜਾਵੇ। ਵਾਘਨ ਨੇ ਕਿਰਤੀਆਂ ਦੀ ਘਾਟ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਅਮਰੀਕਾ ਨੂੰ ਵਿਦੇਸ਼ੀ ਵਰਕ ਪ੍ਰੋਗਰਾਮ ਲਾਗੂ ਕਰਨ ਤੋਂ ਪਹਿਲਾਂ ਅਮਰੀਕੀ ਵਰਕਰਾਂ ਨੂੰ ਭਰਤੀ ਕਰਨ ਵੱਲ ਤਵਜੋਂ ਦੇਣੀ ਚਾਹੀਦੀ ਹੈ।