ਸੈਕਰਾਮੈਂਟੋ, 10 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਵਰਮੌਂਟ ਰਾਜ ਦੇ ਸ਼ਹਿਰ ਰੂਟਲੈਂਡ ਵਿਚ ਇਕ ਪੁਲਿਸ ਅਫਸਰ ਉਸ ਵੇਲੇ ਮਾਰਿਆ ਗਿਆ ਤੇ 2 ਹੋਰ ਜਖਮੀ ਹੋ ਗਏ, ਜਦੋਂ ਸ਼ੱਕੀ ਚੋਰ ਜਿਸ ਦਾ ਪੁਲਿਸ ਅਫਸਰ ਪਿੱਛਾ ਕਰ ਰਹੇ ਸਨ, ਨੇ ਆਪਣਾ ਟਰੱਕ ਕਰੂਜਰ ਬਾਈਕਾਂ ‘ਤੇ ਸਵਾਰ ਪੁਲਿਸ ਅਫਸਰਾਂ ਉਪਰ ਚੜਾ ਦਿੱਤਾ। ਵਰਮੌਂਟ ਸਟੇਟ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਕਿਹਾ ਹੈ ਕਿ ਇਹ ਘਟਨਾ ਉਸ ਸਮੇ ਹੋਈ ਜਦੋਂ ਪੁਲਿਸ ਅਫਸਰ ਟੇਟ ਰੀਯੂਮ (20) ਨਾਮੀ ਸ਼ੱਕੀ ਚੋਰ ਦੇ ਟਰੱਕ ਦਾ ਪਿੱਛਾ ਕਰ ਰਹੇ ਸਨ। ਪੁਲਿਸ ਅਨੁਸਾਰ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਰੀਯੂਮ ਦਾ ਟਰੱਕ ਸੈਂਟਰ ਲਾਈਨ ਪਾਰ ਕਰਕੇ ਰੂਟਲੈਂਡ ਸਿਟੀ ਪੁਲਿਸ ਅਫਸਰਾਂ ਦੀਆਂ ਕਰੂਜਰ ਬਾਈਕਾਂ ਨਾਲ ਟਕਰਾ ਗਿਆ, ਜਿਸ ਨਾਲ ਪੁਲਿਸ ਅਫਸਰ ਜੈਸੀਕਾ ਐਬੀਘੌਸਨ (19) ਦੀ ਮੌਤ ਹੋ ਗਈ ਤੇ 2 ਹੋਰ ਪੁਲਿਸ ਅਫਸਰ ਜ਼ਖਮੀ ਹੋ ਗਏ। ਜੈਸੀਕਾ ਐਬੀਘੌਸਨ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਜ਼ਖਮੀ ਪੁਲਿਸ ਅਫਸਰਾਂ ਨੂੰ ਰੂਟਲੈਂਡ ਰੀਜਨਲ ਮੈਡੀਕਲ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਜ਼ਖਮੀ ਰੀਯੂਮ ਜਿਸ ਉਪਰ ਸ਼ੱਕ ਹੈ ਕਿ ਉਸ ਨੇ ਇਕ ਘਰ ਵਿਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਉਹ ਘਟਨਾ ਦੀ ਜਾਂਚ ਕਰ ਰਹੀ ਹੈ ਤੇ ਸੰਭਾਵੀ ਦੋਸ਼ ਆਇਦ ਕਰਨ ਲਈ ਰੂਟਲੈਂਡ ਕਾਊਂਟੀ ਸਟੇਟ ਦੇ ਅਟਾਰਨੀ ਜਨਰਲ ਨਾਲ ਮਿਲ ਕੇ ਕੰਮ ਕਰ ਰਹੀ ਹੈ।