ਸੈਕਰਾਮੈਂਟੋ,ਕੈਲੀਫੋਰਨੀਆ, 14 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਇਸਿਆਨਾ ਰਾਜ ਵਿਚ ਇਕ ਸਾਬਕਾ ਕੈਥੋਲਿਕ ਪਾਦਰੀ ਨੂੰ ਅਦਾਲਤ ਵੱਲੋਂ ਬਦਫੈਲੀ ਦੇ ਮਾਮਲਿਆਂ ਵਿਚ 25 ਸਾਲ ਦੀ ਕੈਦ ਸੁਣਾਏ ਜਾਣ ਦੀ ਖਬਰ ਹੈ। ਸਰਕਾਰੀ ਵਕੀਲ ਅਨੁਸਾਰ 61 ਸਾਲਾ ਪਾਦਰੀ ਸਟੀਫਨ ਸੌਰ ਉਪਰ ਦੋਸ਼ ਸਨ ਕਿ ਉਸ ਨੇ ਨਿਊ ਓਰਲੀਨਜ ਫਰੈਂਚ ਕੁਆਰਟਰ ਵਿਚ 17 ਵਿਅਕਤੀਆਂ ਨੂੰ ਨਸ਼ਾ ਦੇਣ ਤੋਂ ਬਾਅਦ ਉਨਾਂ ਨਾਲ ਬਦਫੈਲੀ ਕੀਤੀ। ਉਸ ਨੇ ਆਪਣੇ ਦੋਸ਼ਾਂ ਨੂੰ ਕਬੂਲ ਕਰ ਲਿਆ। ਸੌਰ ਨੇ ਮੰਨਿਆ ਕਿ ਉਹ ਉਨਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦਾ ਸੀ ਜੋ ਨਸ਼ੇੜੀ ਪ੍ਰਤੀਤ ਹੁੰਦੇ ਸਨ ਤੇ ਉਨਾਂ ਨੂੰ ਸਹਾਇਤਾ ਦੀ ਲੋੜ ਹੁੰਦੀ ਸੀ। ਜੈਫਰਸਨ ਪੈਰਿਸ਼ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਪਾਦਰੀ ਸਹਾਇਤਾ ਕਰਨ ਦੀ ਬਜਾਏ ਉਨਾਂ ਨੂੰ ਹੋਰ ਨਸ਼ਾ ਦਿੰਦਾ ਸੀ ਤੇ ਬਾਅਦ ਵਿਚ ਉਨਾਂ ਨਾਲ ਆਪਣੇ ਮੈਟੇਅਰੀ ਸਥਿੱਤ ਘਰ ਵਿਚ ਬਦਫੈਲੀ ਕਰਦਾ ਸੀ। ਡਿਸਟ੍ਰਿਕਟ ਅਟਾਰਨੀ ਦੇ ਦਫਤਰ ਅਨੁਸਾਰ ਸਾਬਕਾ ਪਾਦਰੀ ਨੂੰ ਬਦਫੈਲੀ ਤੇ ਡਰੱਗ ਰਖਣ ਦੇ 29 ਦੋਸ਼ਾਂ ਸਮੇਤ ਕੁਲ 46 ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। ਅਦਾਲਤ ਨੇ ਆਦੇਸ਼ ਦਿੱਤਾ ਕਿ ਉਸ ਦਾ ਨਾਂ ਇਕ ‘ਸੈਕਸ ਗੁਨਾਹਗਾਰ’ ਵਜੋਂ ਦਰਜ ਕੀਤਾ ਜਾਵੇ ਤੇ ਬਾਕੀ ਦੀ ਜਿੰਦਗੀ ਉਹ ਸੈਕਸ ਗੁਨਾਹਗਾਰ ਵਜੋਂ ਜੀਵੇਗਾ।