#AMERICA

ਅਮਰੀਕਾ ਦੇ ਮਿਸੌਰੀ ਰਾਜ ‘ਚ 6 ਭੈਣਾਂ ਵੱਲੋਂ ਸਭ ਤੋ ਵੱਧ ਉਮਰ ਵਾਲੀਆਂ ਭੈਣਾਂ ਦਾ ਵਿਸ਼ਵ ਰਿਕਾਰਡ ਦਰਜ

ਨਿਊਯਾਰਕ, 26 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਮਿਸੌਰੀ ਸੂਬੇ ਵਿਚ 6 ਭੈਣਾਂ ਨੇ ਸਭ ਤੋਂ ਵੱਧ ਉਮਰ ਵਾਲੀਆਂ ਭੈਣਾਂ ਦਾ ਵਿਸ਼ਵ ਰਿਕਾਰਡ ਦਰਜ ਕੀਤਾ ਹੈ। ਇਨ੍ਹਾਂ ਭੈਣਾਂ ਦੀ ਉਮਰ 88 ਤੋਂ 101 ਸਾਲ ਦੇ ਵਿਚਕਾਰ ਹੈ ਅਤੇ ਇਨ੍ਹਾਂ ਦੀ ਕੁੱਲ ਉਮਰ 571 ਸਾਲ 293 ਦਿਨ ਤੋਂ ਵੱਧ ਹੈ। ਗਿਨੀਜ਼ ਵਰਲਡ ਰਿਕਾਰਡ ਵਿਚ ਇਨ੍ਹਾਂ ਭੈਣਾਂ ਦੇ ਨਾਂ ‘ਲੌਂਗੇਸਟ ਕੰਬਾਈਨਡ ਏਜ ਆਫ 6 ਲਿਵਿੰਗ ਸਿਬਲਿੰਗਜ਼’ ਦਾ ਰਿਕਾਰਡ ਹੈ। ਸਭ ਤੋਂ ਵੱਡੀ ਭੈਣ, ਨੋਰਮਾ ਜੋ ਓਹਾਇਓ ਸੂਬੇ ‘ਚ ਰਹਿੰਦੀ ਹੈ। ਜਦੋਂਕਿ ਬਾਕੀ ਪੰਜ ਭੈਣਾਂ ਲੌਰੇਨ, ਮੈਕਸੀਨ, ਡੌਰਿਸ, ਮਾਰਗਰੇਟ ਅਤੇ ਐਲਮਾ, ਅਜੇ ਵੀ ਮਿਸੌਰੀ ਸੂਬੇ ਵਿਚ ਰਹਿੰਦੀਆਂ ਹਨ। ਇਹ ਭੈਣਾਂ ਪਿਛਲੇ 9 ਦਹਾਕਿਆਂ ਤੋਂ ਇੱਕ ਦੂਜੇ ਦੇ ਉਤਰਾਅ-ਚੜ੍ਹਾਅ ਵਿਚੋਂ ਲੰਘ ਰਹੀਆਂ ਹਨ ਅਤੇ ਮਹਾਨ ਉਦਾਸੀ, ਦੂਜੇ ਵਿਸ਼ਵ ਯੁੱਧ ਅਤੇ ਹਾਲ ਹੀ ਵਿਚ ਕੋਵਿਡ-19 ਦੀ ਮਹਾਂਮਾਰੀ ਵਿਚੋਂ ਲੰਘੀਆਂ ਹਨ। ਐਲਮਾ ਕਹਿੰਦੀ ਹੈ ਕਿ ‘ਸਮੇਂ-ਸਮੇਂ ‘ਤੇ ਸਾਰੀਆਂ ਭੈਣਾਂ ਵਿਚ ਛੋਟੀਆਂ-ਛੋਟੀਆਂ ਗੱਲਾਂ ਤੋਂ ਤਕਰਾਰ ਹੁੰਦਾ ਹੈ, ਪਰ ਸਾਡੇ ਰਿਸ਼ਤੇ ਵਿਚ ਕਦੇ ਵੀ ਦਰਾਰ ਨਹੀਂ ਆਈ।
ਅਸੀਂ ਸਾਰੀ ਉਮਰ ਇਕ ਦੂਜੇ ਦੇ ਨੇੜੇ ਰਹੀਆ ਹਾਂ ਅਤੇ ਅਕਸਰ ਜਨਮ ਦੇ ਕ੍ਰਮ ਅਨੁਸਾਰ ਟੀ-ਸ਼ਰਟਾਂ ਪਾ ਕੇ ਇਕੱਠਿਆਂ ਹੀ ਯਾਤਰਾ ਕਰਦੀਆਂ ਹਾਂ। ਕਿਉਂਕਿ 6 ਵਿਚੋਂ 3 ਭੈਣਾਂ ਦਾ ਜਨਮ ਜੁਲਾਈ ਵਿਚ ਹੋਇਆ ਸੀ, ਭੈਣਾਂ ਹਰ ਗਰਮੀਆਂ ਵਿਚ ਆਪਣੀ ਮਾਂ ਦੁਆਰਾ ਸ਼ੁਰੂ ਕੀਤੀ ਗਈ ਇੱਕ ਪਰੰਪਰਾ ਨੂੰ ਮਨਾਉਣ ਲਈ ਇਕੱਠੀਆਂ ਹੁੰਦੀਆਂ ਹਨ। ਇਨ੍ਹਾਂ ਭੈਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵੱਡਾ ਭਰਾ ਸਟੈਨਲੀ ਇਸ ਸਾਲ 102 ਸਾਲ ਦਾ ਹੋ ਜਾਣਾ ਸੀ। ਪਰ ਉਸ ਦੀ 81 ਸਾਲ ਦੀ ਉਮਰ ਵਿਚ ਇੱਕ ਸਾਈਕਲ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ।