#AMERICA

ਅਮਰੀਕਾ ਦੇ ਪੈਨਸਲਵੇਨੀਆ ਰਾਜ ਵਿਚ ਰੈਲੀ ਦੌਰਾਨ ਹੋਈ ਗੋਲੀਬਾਰੀ ਵਿਚ ਡੋਨਲਡ ਟਰੰਪ ਹੋਏ ਜ਼ਖਮੀ, ਸ਼ੂਟਰ ਮਾਰਿਆ ਗਿਆ

ਰਾਸ਼ਟਰਪਤੀ ਬਾਈਡਨ ਨੇ ਸਾਰੇ ਰੁਝੇਵੇਂ ਕੀਤੇ ਰੱਦ

* ਅਮਰੀਕਾ ਵਿਚ ਹਿੰਸਾ ਨੂੰ ਕੋਈ ਥਾਂ ਨਹੀਂ-ਬਾਈਡਨ

ਸੈਕਰਾਮੈਂਟੋ, ਕੈਲੀਫੋਰਨੀਆ,  14 ਜੁਲਾਈ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਪੈਨਸਿਲਵਾਨੀਆ ਰਾਜ ਵਿਚ ਪਿਟਸਬਰਘ ਨੇੜੇ ਬਟਲਰ ਵਿਖੇ ਇਕ ਰੈਲੀ ਦੌਰਾਨ ਹੋਈ ਗੋਲੀਬਾਰੀ ਵਿਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ ਹਾਲਾਂ ਕਿ ਅਧਿਕਾਰਤ ਤੌਰ ‘ਤੇ ਕਿਸੇ ਨੇ ਵੀ ਟਰੰਪ ਦੇ ਜ਼ਖਮੀ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ। ਇਕ ਬੁਲਾਰੇ ਨੇ ਟਰੰਪ ਦੇ ਬਿਲਕੁੱਲ ਠੀਕ-ਠਾਕ ਹੋਣ ਦੀ ਪੁਸ਼ਟੀ ਕੀਤੀ ਹੈ। ਜਦੋਂ ਗੋਲੀਬਾਰੀ ਹੋਈ ਤਾਂ ਟਰੰਪ ਨੂੰ ਸਟੇਜ ਉਪਰ ਉਸ ਦੇ ਅੰਗ ਰਖਿਅਕਾਂ ਨੇ ਘੇਰੇ ਵਿਚ ਲੈ ਲਿਆ। ਉਸ ਸਮੇ ਉਨਾਂ ਦੇ ਚੇਹਰੇ ‘ਤੇ ਖੂਨ ਵਹਿ ਰਿਹਾ ਸੀ। ਇਸ ਘਟਨਾ ਉਪਰੰਤ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਸਾਰੇ ਰੁਝੇਂਵੇਂ ਰੱਦ ਕਰ ਦਿੱਤੇ ਹਨ। ਇਸ ਗੋਲੀਬਾਰੀ ਵਿਚ ਇਕ ਹੋਰ ਵਿਅਕਤੀ ਮਾਰਿਆ ਗਿਆ ਜਿਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਜਦ ਕਿ ਇਕ ਵਿਅਕਤੀ ਦੀ ਹਾਲਤ ਗੰਭੀਰ ਹੈ। ਜਦੋਂ ਰੈਲੀ ਵਿਚ ਸ਼ਾਮਿਲ ਲੋਕਾਂ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ ਤਾਂ ਉਨਾਂ ਨੇ ਮੱਦਦ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਟਰੰਪ ਦੇ ਅੰਗ ਰਖਿਅਕਾਂ ਨੇ ਉਨਾਂ ਨੂੰ ਤੁਰੰਤ ਜ਼ਮੀਨ ਉਪਰ ਲਿਟਾ ਦਿੱਤਾ। ਟਰੰਪ ਦੇ ਬੁਲਾਰੇ ਸਟੀਵਨ ਚਿਉਂਗ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਟਰੰਪ ” ਤੰਦਰੁਸਤ” ਹਨ ਤੇ ਉਨਾਂ ਨੂੰ ਖੇਤਰ ਵਿਚਲੇ ਇਕ ਹਸਪਤਾਲ ਵਿਚ ਡਾਕਟਰ ਵੇਖ ਰਹੇ ਹਨ। ਉਨਾਂ ਕਿਹਾ ਕਿ ਰੈਲੀ ਵਿਚ ਗੋਲੀਬਾਰੀ ਹੋਣ ਸਬੰਧੀ ਰੌਲਾ ਪੈਣ ਉਪਰੰਤ ਸਾਬਕਾ ਰਾਸ਼ਟਪਤੀ ਨੂੰ ਸੀਕਰਟ ਸਰਵਿਸ ਦੇ ਅਫਸਰ ਉਥੋਂ ਲੈ ਗਏ। ਚਿਉਂਗ ਨੇ ਕਿਹਾ ਕਿ ਡੋਨਲਡ ਟਰੰਪ ਨੇ ਲਾਅ ਇਨਫੋਰਸਮੈਂਟ ਅਧਿਕਾਰੀਆਂ ਤੇ ਉਸ ਦੇ ਅੰਗ ਰਖਿਅਕਾਂ ਵੱਲੋਂ ਕੀਤੀ ਤੁਰੰਤ ਕਾਰਵਾਈ ਲਈ ਉਨਾਂ ਦਾ ਧੰਨਵਾਦ ਕੀਤਾ ਹੈ। ਬਟਲਰ ਕਾਊਂਟੀ ਡਿਸਟ੍ਰਿਕਟ ਅਟਾਰਨੀ ਰਿਚਰਡ ਗੋਲਡਿੰਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਸ਼ੱਕੀ ਸ਼ੂਟਰ ਮਾਰਿਆ ਗਿਆ ਹੈ।
ਪੱਤਰਕਾਰਾਂ ਨੂੰ ਮੌਕੇ ਤੋਂ ਹਟਾਇਆ : ਗੋਲੀਬਾਰੀ ਉਪਰੰਤ ਸੀਕਰਟ ਸਰਵਿਸ ਦੇ ਅਫਸਰਾਂ ਨੇ ਪੱਤਰਕਾਰਾਂ ਤੇ ਹੋਰ ਲੋਕਾਂ ਨੂੰ ਮੌਕੇ ਤੋਂ ਹਟਾ ਦਿੱਤਾ। ਇਹ ਜਾਣਕਾਰੀ ਸੀਕਰਟ ਸਰਵਿਸ ਦੇ ਬੁਲਾਰੇ ਐਨਥਨੀ ਗੁਗਲੀਲਮੀ ਨੇ ਦਿੰਦਿਆਂ ਕਿਹਾ ਕਿ ”ਅਪਰਾਧ ਵਾਲੇ ਸਥਾਨ” ਨੂੰ ਖਾਲੀ ਕਰਵਾਉਣਾ ਜਰੂਰੀ ਹੈ। ਉਨਾਂ ਕਿਹਾ ਕਿ ਸੀਕਰਟ ਸਰਵਿਸ ਨੇ ਸਾਬਕਾ ਰਾਸ਼ਟਰਪਤੀ ਦੀ ਹਿਫ਼ਾਜਤ ਲਈ ਕਦਮ ਚੁੱਕੇ ਹਨ ਤੇ ਉਹ ਸੁਰੱਖਿਅਤ ਹਨ। ਬੁਲਾਰੇ ਅਨੁਸਾਰ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜੂਨੀਅਰ ਟਰੰਪ ਨੇ ਪਿਤਾ ਨਾਲ ਕੀਤੀ ਗੱਲਬਾਤ: ਸਾਬਕਾ ਰਾਸ਼ਟਰਤੀ ਦੇ ਪੁੱਤਰ ਜੂਨੀਅਰ ਡੋਨਲਡ ਟਰੰਪ ਨੇ ਘਟਨਾ ਉਪਰੰਤ ਆਪਣਾ ਬਿਆਨ ਸਾਂਝਾ ਕੀਤਾ ਹੈ। ਉਨਾਂ ਕਿਹਾ ਕਿ ਮੈ ਫੋਨ ਉਪਰ ਆਪਣੇ ਪਿਤਾ ਨਾਲ ਗੱਲਬਾਤ ਕੀਤੀ ਹੈ। ਉਨਾਂ ਦਾ ਮਨੋਬਲ ਬਹੁਤ ਉੱਚਾ ਹੈ। ਜੂਨੀਅਰ ਟਰੰਪ ਨੇ ਕਿਹਾ ਕਿ ਮੇਰੇ ਪਿਤਾ ਅਮਰੀਕਾ ਨੂੰ ਬਚਾਉਣ ਲਈ ਆਪਣੀ ਜਦੋਜਹਿਦ ਬੰਦ ਨਹੀਂ ਕਰਨਗੇ। ਇਸ ਗਲ ਦੀ ਉਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਕੱਟੜਵਾਦੀ ਉਨਾਂ ਵਿਰੁੱਧ ਕੀ ਕਰਦੇ ਹਨ।
ਬਾਈਡਨ ਨੇ ਸਾਰੇ ਰੁਝੇਂਵੇਂ ਕੀਤੇ ਰੱਦ : ਟਰੰਪ ਦੀ ਰੈਲੀ ਵਿਚ ਗੋਲੀਬਾਰੀ ਦੀ ਘਟਨਾ ਬਾਰੇ ਸੂਚਨਾ ਮਿਲਣ ਉਪਰੰਤ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਸਾਰੇ ਰੁਝੇਂਵੇਂ ਰੱਦ ਕਰ ਦਿੱਤੇ ਹਨ। ਬਾਈਡਨ ਦੇ ਚੋਣ ਮੁਹਿੰਮ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਟੈਲੀਵੀਜ਼ਨ ਤੇ ਹੋਰ ਸੋਸ਼ਲ ਮੀਡੀਆ ਉਪਰ ਸਾਰੀ ਇਸ਼ਤਿਹਾਰਬਾਜ਼ੀ ਰੋਕ ਦਿੱਤੀ ਗਈ ਹੈ। ਰਾਸ਼ਟਰਪਤੀ ਬਾਈਡਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ”ਉਨਾਂ ਨੂੰ ਪੈਨਸਿਲਵਾਨੀਆ ਵਿਚ ਡੋਨਲਡ ਟਰੰਪ ਦੀ ਰੈਲੀ ਵਿਚ ਗੋਲੀ ਚੱਲਣ ਦੀ ਸੂਚਨਾ ਮਿਲੀ ਹੈ। ਮੈਨੂੰ ਇਹ ਸੁਣ ਕੇ ਤਸੱਲੀ ਮਿਲੀ ਹੈ ਕਿ ਟਰੰਪ ਸੁਰੱਖਿਅਤ ਹਨ। ਮੈ ਉਨਾਂ, ਉਨਾਂ ਦੇ ਪਰਿਵਾਰ ਤੇ ਰੈਲੀ ਵਿਚ ਸ਼ਾਮਿਲ ਸਾਰੇ ਲੋਕਾਂ ਦੇ ਸੁਰੱਖਿਅਤ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਮੈ ਹੋਰ ਜਾਣਕਾਰੀ ਦੀ ਉਡੀਕ ਕਰ ਰਿਹਾ ਹਾਂ। ਜਿਲ ਤੇ ਮੈ ਸੀਕਰਟ ਸਰਵਿਸ ਅਫਸਰਾਂ ਦੇ ਧੰਨਵਾਦੀ ਹਾਂ ਜਿਨਾਂ ਨੇ ਟਰੰਪ ਨੂੰ ਸੁਰੱਖਿਅਤ ਬਾਹਰ ਕੱਢਿਆ। ਅਮਰੀਕਾ ਵਿਚ ਹਿੰਸਾ ਨੂੰ ਕੋਈ ਥਾਂ ਨਹੀਂ ਹੈ। ਅਸੀਂ ਇਸ ਘਟਨਾ ਦੀ ਨਿੰਦਾ ਕਰਨ ਲਈ ਇਕ ਰਾਸ਼ਟਰ ਵਜੋਂ ਇਕਜੁੱਟ ਹਾਂ।”