-ਗਲਤੀ ਕਾਰਨ ਇਕੋ ਪੱਟੜੀ ‘ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ
ਸੈਕਰਾਮੈਂਟੋ, 20 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਰੋਨਾਲਡ ਰੀਗਨ ਨੈਸ਼ਨਲ ਏਅਰੋਪਰਟ ‘ਤੇ ਇਕੋ ਪੱਟੜੀ ਉਪਰ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਹਰੀ ਝੰਡੀ ਮਿਲਣ ਉਪਰੰਤ ਤੁਰੰਤ ਗਲਤੀ ਦਾ ਅਹਿਸਾਸ ਹੋਣ ‘ਤੇ ਜਹਾਜ਼ਾਂ ਨੂੰ ਇਕ ਦੂਸਰੇ ਤੋਂ ਕੁਝ ਫੁੱਟ ਦੀ ਦੂਰੀ ਉਪਰ ਰੋਕ ਲਿਆ ਗਿਆ। ਇਸ ਘਟਨਾ ਦੀ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਜਾਂਚ ਕਰੇਗਾ। ਸਵੇਰ 7.40 ਵਜੇ ਏਅਰਪੋਰਟ ਦੇ ਕੰਟਰੋਲਰ ਨੇ ਜੈੱਟ ਬਲਿਊ ਏਅਰਵੇਅਜ ਫਲਾਈਟ ਨੂੰ ਉਡਾਣ ਭਰਨ ਦੀ ਇਜਾਜ਼ਤ ਦਿੱਤੀ। ਇਸੇ ਸਮੇ ‘ਤੇ ਹੀ ਟੈਕਸਿੰਗ ਏਅਰਕਰਾਫਟ ਦੇ ਕੰਟਰੋਲਰ ਨੇ ਸਾਊਥਵੈਸਟ ਏਅਰਲਾਈਨ ਜੈੱਟ ਨੂੰ ਉਸੇ ਹੀ ਪੱਟੜੀ ਉਪਰ ਉਡਾਨ ਭਰਨ ਲਈ ਹਰੀ ਝੰਡੀ ਦੇ ਦਿੱਤੀ। ਤਕਰੀਬਨ 30 ਸਕਿੰਟ ਬਾਅਦ ਗਲਤੀ ਦਾ ਅਹਿਸਾਸ ਹੋਣ ‘ਤੇ ਕੰਟਰੋਲਰ ਨੇ ਦੋਨਾਂ ਜਹਾਜ਼ ਨੂੰ ਤੁਰੰਤ ਰੋਕ ਦੇਣ ਦਾ ਆਦੇਸ਼ ਦਿੱਤਾ। ਦੋਨਾਂ ਜਹਾਜ਼ਾਂ ਨੂੰ ਤਕਰੀਬਨ 400 ਫੁੱਟ ਦੀ ਦੂਰੀ ਉਪਰ ਰੋਕ ਲਿਆ ਗਿਆ। ਇਸ ਉਪਰੰਤ ਏਅਰਪੋਰਟ ਦੇ ਕੰਟਰੋਲਰ ਨੇ ਸੁੱਖ ਦਾ ਸਾਹ ਲਿਆ। ਜੇਕਰ ਸਮੇਂ ਸਿਰ ਪਤਾ ਨਾ ਲੱਗਦਾ, ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।