#EUROPE

ਅਮਰੀਕਾ ਦੇ ਦੋ ਵਿਗਿਆਨੀਆਂ ਨੂੰ ਮੈਡੀਸਿਨ ਲਈ ਨੋਬੇਲ ਪੁਰਸਕਾਰ

ਸਟਾਕਹੋਮ, 8 ਅਕਤੂਬਰ (ਪੰਜਾਬ ਮੇਲ)- ਮਾਈਕਰੋ ਆਰ.ਐੱਨ.ਏ. ਦੀ ਖੋਜ ਲਈ ਅਮਰੀਕਾ ਦੇ ਦੋ ਵਿਗਿਆਨੀਆਂ ਵਿਕਟਰ ਐਂਬਰੋਸ ਤੇ ਗੈਰੀ ਰੁਵਕੁਨ ਨੂੰ ਮੈਡੀਸਿਨ ਦਾ ਨੋਬੇਲ ਪੁਰਸਕਾਰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਨੋਬੇਲ ਅਸੈਂਬਲੀ ਨੇ ਕਿਹਾ ਕਿ ਇਨ੍ਹਾਂ ਵਿਗਿਆਨੀਆਂ ਦੀ ਖੋਜ ਜੀਵਾਂ ਦੇ ਵਿਕਾਸ ਤੇ ਕਾਰਜਪ੍ਰਣਾਲੀ ਲਈ ਬੁਨਿਆਦੀ ਤੌਰ ‘ਤੇ ਅਹਿਮ ਸਾਬਤ ਹੋ ਰਹੀ ਹੈ। ਨੋਬੇਲ ਕਮੇਟੀ ਦੇ ਜਨਰਲ ਸਕੱਤਰ ਥੌਮਸ ਪਰਲਮੈਨ ਨੇ ਕਿਹਾ ਕਿ ਐਂਬਰੋਸ ਨੇ ਹਾਰਵਰਡ ਯੂਨੀਵਰਸਿਟੀ ‘ਚ ਇਹ ਖੋਜ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਇਹ ਪੁਰਸਕਾਰ ਦਿੱਤਾ ਜਾਵੇਗਾ। ਉਹ ਮੌਜੂਦਾ ਸਮੇਂ ਯੂਨੀਵਰਸਿਟੀ ਆਫ ਮੈਸਾਚੁਸੈਟਸ ਮੈਡੀਕਲ ਸਕੂਲ ‘ਚ ਕੁਦਰਤ ਵਿਗਿਆਨ ਦੇ ਪ੍ਰੋਫੈਸਰ ਹਨ। ਰੁਵਕੁਨ ਦੀ ਖੋਜ ਮੈਸਾਚੁਸੈਟਸ ਜਨਰਲ ਹਸਪਤਾਲ ਤੇ ਹਾਰਵਰਡ ਮੈਡੀਕਲ ਸਕੂਲ ‘ਚ ਕੀਤੀ ਗਈ, ਜਿੱਥੇ ਉਹ ਜੈਨੇਟਿਕਸ ਦੇ ਪ੍ਰੋਫੈਸਰ ਹਨ। ਪਰਲਮੈਨ ਨੇ ਦੱਸਿਆ ਕਿ ਉਨ੍ਹਾਂ ਐਲਾਨ ਤੋਂ ਕੁਝ ਸਮਾਂ ਪਹਿਲਾਂ ਫੋਨ ‘ਤੇ ਰੁਵਕੁਨ ਨਾਲ ਗੱਲਬਾਤ ਕੀਤੀ। ਪਿਛਲੇ ਸਾਲ ਫਿਜ਼ੀਆਲੌਜੀ ਜਾਂ ਮੈਡੀਕਲ ਖੇਤਰ ‘ਚ ਨੋਬੇਲ ਪੁਰਸਕਾਰ ਹੰਗਰਿਆਈ-ਅਮਰੀਕੀ ਨਾਗਰਿਕ ਕੈਟਾਲਿਨ ਕਾਰਿਕੋ ਤੇ ਅਮਰੀਕੀ ਨਾਗਰਿਕ ਡਰੂ ਵੀਸਮੈਨ ਉਨ੍ਹਾਂ ਖੋਜਾਂ ਲਈ ਦਿੱਤਾ ਗਿਆ ਸੀ, ਜਿਨ੍ਹਾਂ ਨੇ ਕੋਵਿਡ-19 ਖ਼ਿਲਾਫ਼ ਐੱਮ.ਆਰ.ਐੱਨ.ਏ. ਟੀਕਾ ਵਿਕਸਿਤ ਕਰਨ ‘ਚ ਮਦਦ ਕੀਤੀ ਸੀ।