ਨਿਊਯਾਰਕ, 5 ਅਕਤੂਬਰ ( ਰਾਜ ਗੋਗਨਾ/ਪੰਜਾਬ ਮੇਲ)- ਬੀਤੀਂ ਰਾਤ ਹੈਦਰਾਬਾਦ ਦੇ ਰਹਿਣ ਵਾਲੇ ਇਕ 27 ਸਾਲਾ ਭਾਰਤੀ ਵਿਦਿਆਰਥੀ ਚੰਦਰਸ਼ੇਖਰ ਪੋਲੇ ਦੀ ਟੈਕਸਾਸ ਦੇ ਡੱਲਾਸ ਵਿੱਚ ਰਾਤ ਨੂੰ ਇੱਕ ਗੈਸ ਸਟੇਸ਼ਨ ‘ਤੇ ਕੰਮ ਕਰਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਹਮਲਾਵਰ, ਜੋ ਕਿ ਕਥਿਤ ਤੌਰ ‘ਤੇ ਇੱਕ ਅਣਪਛਾਤਾ ਬੰਦੂਕਧਾਰੀ ਸੀ, ਨੇ ਗੋਲੀਬਾਰੀ ਤੋਂ ਬਾਅਦ ਮੌਕੇ ਤੇ ਫਰਾਰ ਜੋ ਗਿਆ।ਮ੍ਰਿਤਕ ਚੰਦਰਸ਼ੇਖਰ 2023 ਵਿੱਚ ਹੈਦਰਾਬਾਦ ਤੋਂ ਡੈਂਟਲ ਸਰਜਰੀ ਵਿੱਚ ਆਪਣੀ ਬੈਚਲਰ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਅਮਰੀਕਾ ਆਇਆ ਸੀ। ਅਤੇ ਉਸ ਨੇ ਛੇ ਮਹੀਨੇ ਪਹਿਲਾਂ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਸੀ ਅਤੇ ਉਹ ਪੂਰੇ ਸਮੇਂ ਦੀ ਨੌਕਰੀ ਦੀ ਭਾਲ ਵਿੱਚ ਸੀ। ਇਸ ਦੌਰਾਨ, ਉਸਨੇ ਆਪਣਾ ਗੁਜ਼ਾਰਾ ਤੋਰਨ ਲਈ ਪੈਟਰੋਲ ਪੰਪ ‘ਤੇ ਪਾਰਟ-ਟਾਈਮ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਮੰਦਭਾਗੀ ਹੈਰਾਨ ਕਰਨ ਵਾਲੀ ਘਟਨਾ ਨੇ ਹੈਦਰਾਬਾਦ ਵਿੱਚ ਉਸ ਦੇ ਪਰਿਵਾਰ ਨੂੰ ਬਹੁਤ ਦੁੱਖ ਪਹੁੰਚਾਇਆ ਹੈ। ਉਨ੍ਹਾਂ ਨੇ ਭਾਰਤ ਅਤੇ ਤੇਲੰਗਾਨਾ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਅਮਰੀਕਾ ਤੋਂ ਉਸਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਵਿੱਚ ਮਦਦ ਕਰਨ। ਇਸ ਦਰਦਨਾਕ ਘਟਨਾ ਨੇ ਇੱਕ ਵਾਰ ਫਿਰ ਅਮਰੀਕਾ ਵਿੱਚ ਪਾਰਟ-ਟਾਈਮ ਕੰਮ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।
ਮ੍ਰਿਤਕ ਦੀ ਫ਼ਾਈਲ ਫੋਟੋ