#AMERICA

ਅਮਰੀਕਾ ਦੇ ਟਰਲੱਕ ਸਥਿਤ ਗੁਰੂਘਰ ਅੰਦਰ ਵਿਅਕਤੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਟਰਲੱਕ, 14 ਅਕਤੂਬਰ (ਪੰਜਾਬ ਮੇਲ)- ਕੈਲੀਫੋਰਨੀਆ ਦੇ ਟਰਲੱਕ ਸਥਿਤ ਗੁਰਦੁਆਰਾ ਸਾਹਿਬ ਦੇ ਅੰਦਰ ਇਕ ਵਿਅਕਤੀ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਦੁੱਖਦ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਸਵੇਰੇ ਕਰੀਬ ਸਵਾ 9 ਵਜੇ ਟਰਲੱਕ ਪੁਲਿਸ ਨੂੰ ਇਕ ਵਿਅਕਤੀ ਨੇ ਫ਼ੋਨ ਕਰਕੇ ਸੂਚਨਾ ਦਿੱਤੀ ਸੀ ਕਿ ਕਿਸੇ ਵਿਅਕਤੀ ਨੇ ਗੁਰਦੁਆਰਾ ਸਾਹਿਬ ਦੇ ਅਰਦਾਸ ਹਾਲ ‘ਚ ਖ਼ੁਦ ਨੂੰ ਗੋਲੀ ਮਾਰ ਲਈ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ।
ਇਸ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ ਟਰਲੱਕ ਪੁਲਿਸ ਟਰਲੱਕ ਦੀ 5ਵੀਂ ਸਟ੍ਰੀਟ ਦੇ 1300 ਬਲਾਕ ਸਥਿਤ ਗੁਰਦੁਆਰਾ ਸਾਹਿਬ ਵਿਖੇ ਫਾਇਰ ਬ੍ਰਿਗੇਡ ਤੇ ਮੈਡੀਕਲ ਟੀਮਾਂ ਸਣੇ ਮੌਕੇ ‘ਤੇ ਪਹੁੰਚ ਗਈਆਂ।
ਇਸ ਮਗਰੋਂ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ, ਤਾਂ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ। ਵਾਰਦਾਤ ਦੌਰਾਨ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਮ੍ਰਿਤਕ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ‘ਚ ਜੁਟੀ ਹੋਈ ਹੈ। ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।