ਵਾਸ਼ਿੰਗਟਨ, 13 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ਦੇ ਮੈਡੀਕਲ ਦਫਤਰ ਨੇ ਪੁਸ਼ਟੀ ਕੀਤੀ ਹੈ ਕਿ ਜੰਗਲ ਦੀ ਭਿਆਨਕ ਅੱਗ ‘ਚ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ। ਤੇਜ਼ ਹਵਾਵਾਂ ਦੇ ਦੁਬਾਰਾ ਚੱਲਣ ਦੀ ਸੰਭਾਵਨਾ ਕਾਰਨ ਅੱਗ ਬੁਝਾਊ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਉਣ ਲਈ ਆਪਣੇ ਯਤਨ ਤੇਜ਼ ਕਰ ਦਿੱਤੇ ਹਨ। ਅੱਗ ਬੁਝਾਉਣ ਵਾਲੇ ਇਹ ਕੋਸ਼ਿਸ਼ ਕਰ ਰਹੇ ਹਨ ਕਿ ਇਸ ਨੂੰ ਪਾਲ ਗੈਟੀ ਮਿਊਜ਼ੀਅਮ, ਮੁੱਖ ਹਾਈਵੇਅ ਤੇ ਕੈਲੀਫੋਰਨੀਆ ਯੂਨੀਵਰਸਿਟੀ ਵੱਲ ਫੈਲਣ ਤੋਂ ਰੋਕਿਆ ਜਾਏ।
ਪ੍ਰਸ਼ਾਂਤ ਕੰਢੇ ਦੇ ਨਾਲ ਸਥਿਤ ਮੈਂਡੇਵਿਲ ਕੈਨਿਯਨ ‘ਚ ਕਈ ਮਸ਼ਹੂਰ ਹਸਤੀਆਂ ਦੇ ਘਰ ਹਨ, ਜਿਨ੍ਹਾਂ ‘ਚ ਅਦਾਕਾਰ ਅਰਨੋਲਡ ਸ਼ਵਾਰਜ਼ਨੇਗਰ ਵੀ ਸ਼ਾਮਲ ਹਨ। ‘ਕੈਲਫਾਇਰ ਆਪ੍ਰੇਸ਼ਨ’ ਦੇ ਮੁਖੀ ਕ੍ਰਿਸ਼ਚੀਅਨ ਲਿਟਜ਼ ਨੇ ਇਕ ਬ੍ਰੀਫਿੰਗ ‘ਚ ਕਿਹਾ ਕਿ ਵਿਸ਼ੇਸ਼ ਧਿਆਨ ਕੈਲੀਫੋਰਨੀਆ ਯੂਨੀਵਰਸਿਟੀ ਦੇ ਨੇੜੇ ਘਾਟੀ ਖੇਤਰ ਪੈਲੀਸੇਡਸ ਦੀ ਭਿਆਨਕ ਅੱਗ ਨੂੰ ਬੁਝਾਉਣ ਤੇ ਹੋਵੇਗਾ।
ਅੱਗ ਤੋਂ ਪ੍ਰਭਾਵਿਤ ਇਲਾਕਿਆਂ ‘ਚ ਐਤਵਾਰ ਰਾਤ ਵੇਲੇ ਹਲਕੀ ਹਵਾ ਚੱਲ ਰਹੀ ਸੀ ਪਰ ਰਾਸ਼ਟਰੀ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਤੇਜ਼ ਹਵਾਵਾਂ ਜਲਦੀ ਹੀ ਚੱਲ ਸਕਦੀਆਂ ਹਨ। ਇਸ ਨਾਲ ਅੱਗ ਬੁਝਾਉਣ ਵਾਲਿਆਂ ਲਈ ਮੁਸ਼ਕਲ ਪੈਦਾ ਹੋ ਸਕਦੀ ਹੈ। ਅੱਗ ਕਾਰਨ ਅੰਤਰਰਾਜੀ ਹਾਈਵੇਅ 405, ਜੋ ਇਸ ਖੇਤਰ ‘ਚੋਂ ਲੰਘਣ ਵਾਲਾ ਮੁੱਖ ਰਸਤਾ ਹੈ, ਦੇ ਵੀ ਲਪੇਟ ‘ਚ ਆਉਣ ਦਾ ਖ਼ਤਰਾ ਹੈ। ਤਬਾਹੀ ਨੂੰ ਰੋਕਣ ਦਾ ਕੰਮ ਜਾਰੀ ਹੈ। ਟੀਮਾਂ ਸਨਿਫਰ ਕੁੱਤਿਆਂ ਦੀ ਮਦਦ ਨਾਲ ਖੋਜ ਕਾਰਜ ਚਲਾ ਰਹੀਆਂ ਹਨ। ਪਾਸਾਡੇਨਾ ‘ਚ ਇਕ ਪਰਿਵਾਰਕ ਸਹਾਇਤਾ ਕੇਂਦਰ ਵੀ ਸਥਾਪਤ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਕਰਫਿਊ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।