ਸੈਕਰਾਮੈਂਟੋ, 21 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕਲੇਟਨ ਕਾਊਂਟੀ ਜਾਰਜੀਆ ਦੀ ਇਕ ਗਰੈਂਡ ਜਿਊਰੀ ਨੇ ਜੇਲ ਵਿਚ ਹਿਰਾਸਤ ਦੌਰਾਨ ਇਕ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਵਿਚ 6 ਸਾਬਕਾ ਸ਼ੈਰਿਫ ਡਿਪਟੀਆਂ ਵਿਰੁੱਧ ਦੋਸ਼ ਆਇਦ ਨਾ ਕਰਨ ਦਾ ਰਾਹ ਚੁਣਿਆ ਹੈ। ਇਹ ਜਾਣਕਾਰੀ ਅਦਾਲਤ ਦੇ ਦਸਤਾਵੇਜਾਂ ਤੋਂ ਮਿਲੀ ਹੈ। ਪਿੱਛਲੇ ਸਾਲ ਨਵੰਬਰ ਵਿਚ 38 ਸਾਲਾ ਟੈਰੀ ਲੀ ਥੁਰਮੌਂਡ ਨਾਮੀ ਵਿਅਕਤੀ ਜਿਸ ਨੂੰ ਕਲੇਟਨ ਕਾਊਂਟੀ ਜੇਲ ਵਿਚ ਰਖਿਆ ਗਿਆ ਸੀ, ਦੀ ਹੋਈ ਮੌਤ ਉਪਰੰਤ ਇਨਾਂ 6 ਪੁਲਿਸ ਅਫਸਰਾਂ ਨੂੰ ਨੌਕਰੀਆਂ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਕਾਊਂਟੀ ਦੇ ਮੈਡੀਕਲ ਜਾਂਚ ਦਫਤਰ ਨੇ ਇਸ ਮੌਤ ਨੂੰ ਹੱਤਿਆ ਕਰਾਰ ਦਿੱਤਾ ਸੀ। 28 ਨਵੰਬਰ ਨੂੰ ਵਾਪਰੀ ਘਟਨਾ ਵਿਚ ਇਕ ਹਵਾਈ ਅੱਡੇ ‘ਤੇ ਅਪਰਾਧਕ ਘੁਸਪੈਠ ਦੇ ਮਾਮਲੇ ਵਿਚ ਗ੍ਰਿਫਤਾਰ ਥੁਰਮੌਂਡ ਨੂੰ ਪੁਲਿਸ ਅਫਸਰਾਂ ਨੇ ਜੇਲ ਦੀ ਦੂਸਰੀ ਮੰਜਿਲ ਤੋਂ ਛਾਲ ਮਾਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਥੁਰਮੌਂਡ ਪੁਲਿਸ ਅਫਸਰਾਂ ਨਾਲ ਉਲਝ ਗਿਆ ਜਿਸ ਦਾ ਸਿੱਟਾ ਥੁਰਮੌਂਡ ਦੀ ਮੌਤ ਦੇ ਰੂਪ ਵਿਚ ਨਿਕਲਿਆ। ਥੁਰਮੌਂਡ ਦੀ ਮੌਤ ਉਸ ਨੂੰ ਹਿਰਾਸਤ ਵਿਚ ਲੈਣ ਦੇ ਇਕ ਦਿਨ ਬਾਅਦ ਹੀ ਹੋ ਗਈ ਸੀ। 6 ਪੁਲਿਸ ਅਫਸਰਾਂ ਵਿਚ ਈਲੋਨਟੇ ਜੌਹਨਸਨ, ਰੈਂਡੀ ਗੈਡੀ, ਡਿਓਨਟੇ ਮੈਕੂਲੇਅ, ਫਰੈਡ ਡੈਨਸਨ, ਡੈਰਿਕ ਡੋਇਲੇ ਤੇ ਡੈਨੀਲੋ ਜੋਨਸ ਲਮੌਂਟ ਸ਼ਾਮਿਲ ਹਨ।