ਟੋਰਾਂਟੋ, 26 ਮਈ (ਪੰਜਾਬ ਮੇਲ)- ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਵਿੱਖ ਦੇ ‘ਗੋਲਡਨ ਡੋਮ ਮਿਜ਼ਾਈਲ’ ਰੱਖਿਆ ਪ੍ਰੋਗਰਾਮ ਵਿਚ ਸ਼ਾਮਲ ਹੋਣ ਬਾਰੇ ਅਮਰੀਕਾ ਨਾਲ ਗੱਲਬਾਤ ਕਰ ਰਹੀ ਹੈ। ਇਹ ਬਹੁ-ਪੜਾਅ ਪ੍ਰਣਾਲੀ, ਜਿਸਦੀ ਕੁੱਲ ਲਾਗਤ 175 ਬਿਲੀਅਨ ਅਮਰੀਕੀ ਡਾਲਰ ਹੈ, ਪਹਿਲੀ ਵਾਰ ਅਮਰੀਕੀ ਹਥਿਆਰਾਂ ਨੂੰ ਪੁਲਾੜ ਵਿਚ ਲੈ ਜਾਵੇਗੀ। ਟਰੰਪ ਨੂੰ ਉਮੀਦ ਸੀ ਕਿ ਇਹ ਪ੍ਰਣਾਲੀ 2029 ਵਿਚ ਉਨ੍ਹਾਂ ਦੇ ਕਾਰਜਕਾਲ ਦੇ ਅੰਤ ਤੱਕ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ।
ਕਾਰਨੀ ਨੇ ਕਿਹਾ, ”ਇਹ ਕੈਨੇਡਾ ਲਈ ਇੱਕ ਚੰਗਾ ਵਿਚਾਰ ਹੈ। ਕੈਨੇਡੀਅਨਾਂ ਦੀ ਸੁਰੱਖਿਆ ਲਈ ਕਦਮ ਚੁੱਕਣਾ ਚੰਗੀ ਗੱਲ ਹੈ।” ਉਨ੍ਹਾਂ ਇਸ ਸਬੰਧ ਵਿਚ ਟਰੰਪ ਨਾਲ ਹੋਈ ਗੱਲਬਾਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਟਰੰਪ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਨੇ ਉਨ੍ਹਾਂ ਦੇ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਸੰਕੇਤ ਦਿੱਤਾ ਹੈ ਕਿ ਉਹ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਚਾਹੁੰਦੀ ਹੈ ਅਤੇ ਉਹ ਕੈਨੇਡਾ ਵੱਲੋਂ ਢੁੱਕਵਾਂ ਯੋਗਦਾਨ ਪਾਉਣ ਨੂੰ ਯਕੀਨੀ ਬਣਾਉਣ ਲਈ ਓਟਾਵਾ ਨਾਲ ਕੰਮ ਕਰਨਗੇ।
‘ਗੋਲਡਨ ਡੋਮ’ ਸੰਭਾਵੀ ਹਮਲੇ ਦੇ ਚਾਰੇ ਪ੍ਰਮੁੱਖ ਪੜਾਵਾਂ ‘ਤੇ ਮਿਜ਼ਾਈਲਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਰੋਕਣ ਲਈ ਜ਼ਮੀਨੀ ਅਤੇ ਪੁਲਾੜ ਅਧਾਰਤ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੀ ਕਲਪਨਾ ਕਰਦਾ ਹੈ। ਇਹ ਚਾਰ ਪੜਾਅ ਹਨ – ਲਾਂਚ ਤੋਂ ਪਹਿਲਾਂ ਮਿਜ਼ਾਈਲ ਦਾ ਪਤਾ ਲਗਾਉਣਾ ਅਤੇ ਨਸ਼ਟ ਕਰਨਾ, ਉਡਾਣ ਦੇ ਸ਼ੁਰੂਆਤੀ ਪੜਾਵਾਂ ਵਿਚ ਇਸਨੂੰ ਰੋਕਣਾ, ਇਸਨੂੰ ਹਵਾ ਵਿਚ ਰੋਕਣਾ ਜਾਂ ਆਖਰੀ ਮਿੰਟਾਂ ਵਿਚ ਇਸਨੂੰ ਰੋਕਣਾ ਜਦੋਂ ਇਹ ਨਿਸ਼ਾਨੇ ਵੱਲ ਜਾ ਰਹੀ ਹੋਵੇ। ਕਾਰਨੀ ਨੇ ਕਿਹਾ, ”ਅਸੀਂ ਇਸ ‘ਤੇ ਵਿਚਾਰ ਕਰ ਰਹੇ ਹਾਂ ਅਤੇ ਇਸ ‘ਤੇ ਬਹੁਤ ਉੱਚ ਪੱਧਰ ‘ਤੇ ਚਰਚਾ ਕੀਤੀ ਗਈ ਹੈ।” ਕਾਰਨੀ ਨੇ ਚੇਤਾਵਨੀ ਦਿੰਦੇ ਹੋਏ ਕਿ ਕੈਨੇਡਾ ਨੂੰ ”ਨੇੜਲੇ ਭਵਿੱਖ” ਵਿਚ ਸੰਭਾਵੀ ਮਿਜ਼ਾਈਲ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਮਰੀਕਾ ਦੇ ‘ਗੋਲਡਨ ਡੋਮ’ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਕੈਨੇਡਾ ਉਤਸੁਕ
