* ਡੋਨਲਡ ਟਰੰਪ ਉਠਾਉਂਦੇ ਰਹੇ ਹਨ ਵੱਧ ਟੈਕਸ ਦਾ ਮੁੱਦਾ
ਨਵੀਂ ਦਿੱਲੀ, 30 ਜਨਵਰੀ (ਪੰਜਾਬ ਮੇਲ)- ਕੇਂਦਰ ਸਰਕਾਰ ਆਗਾਮੀ ਬਜਟ 2025-26 ‘ਚ ਅਮਰੀਕਾ ਦੇ ਕੁਝ ਮਹਿੰਗੇ ਉਤਪਾਦਾਂ ‘ਤੇ ਟੈਕਸ ਕਟੌਤੀ ਦਾ ਐਲਾਨ ਕਰ ਸਕਦੀ ਹੈ। ਇਨ੍ਹਾਂ ਉਤਪਾਦਾਂ ਵਿਚ ਹਾਰਲੇ ਡੇਵਿਡਸਨ ਜਿਹੇ ਮੋਟਰਸਾਈਕਲ, ਇਲੈਕਟ੍ਰੌਨਿਕ ਸਾਮਾਨ ਤੇ ਵਿਸ਼ੇਸ਼ ਸਟੀਲ ਦੇ ਉਤਪਾਦ ਸ਼ਾਮਲ ਹਨ। ਮੌਜੂਦਾ ਸਮੇਂ ਭਾਰਤ ‘ਚ ਅਮਰੀਕਾ ਤੋਂ ਆਉਣ ਵਾਲੇ 20 ਉਤਪਾਦਾਂ ‘ਤੇ ਸੌ ਫੀਸਦ ਤੋਂ ਵੱਧ ਟੈਕਸ ਲੱਗਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੇ ਦਿਨੀਂ ਫਲੋਰੀਡਾ ‘ਚ ਇੱਕ ਸਮਾਗਮ ਦੌਰਾਨ ਭਾਰਤ, ਚੀਨ ਤੇ ਬ੍ਰਾਜ਼ੀਲ ਨੂੰ ਸਭ ਤੋਂ ਵੱਧ ਟੈਕਸ ਲਾਉਣ ਵਾਲੇ ਮੁਲਕਾਂ ‘ਚ ਸ਼ਾਮਲ ਕੀਤਾ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ‘ਚ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਵੀ ਸੰਕੇਤ ਦਿੱਤਾ ਸੀ ਕਿ ਭਾਰਤ ਹਾਰਲੇ ਡੇਵਿਡਸਨ ਮੋਟਰਸਾਈਕਲਾਂ ‘ਤੇ ਟੈਕਸ ਘਟਾਉਣ ਸਬੰਧੀ ਡੋਨਲਡ ਟਰੰਪ ਦੀ ਲੰਮੇ ਸਮੇਂ ਦੀ ਮੰਗ ਪੂਰੀ ਕਰ ਸਕਦਾ ਹੈ। ਉਨ੍ਹਾਂ ਕਿਹਾ ਸੀ ਕਿ ਭਾਰਤ ਮੌਜੂਦਾ ਸਮੇਂ ਅਜਿਹੇ ਮੋਟਰਸਾਈਕਲਾਂ ਦਾ ਉਤਪਾਦਨ ਨਹੀਂ ਕਰਦਾ, ਜਿਸ ਨਾਲ ਘਰੇਲੂ ਮੁਕਾਬਲਾ ਘੱਟ ਹੁੰਦਾ ਹੈ। ਉਨ੍ਹਾਂ ਕਿਹਾ ਸੀ ਕਿ ਸਰਕਾਰ ਹਾਲਾਂਕਿ ਬਰਾਮਦ ਕੀਤੇ ਜਾਣ ਵਾਲੇ ਵੱਖ-ਵੱਖ ਉਤਪਾਦਾਂ ਤੋਂ ਟੈਕਸ ਘਟਾਉਣ ਬਾਰੇ ਵਿਚਾਰ ਕਰ ਰਹੀ ਹੈ। ਬੀਤੀ 20 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਵਜੋਂ ਹਲਫ ਲੈਣ ਵਾਲੇ ਟਰੰਪ ਨੇ ਬੀਤੇ ਦਿਨੀਂ ਕਿਹਾ ਸੀ ਕਿ ਉਹ ਉਨ੍ਹਾਂ ਬਾਹਰੀ ਮੁਲਕਾਂ ਤੇ ਲੋਕਾਂ ‘ਤੇ ਟੈਕਸ ਲਾਉਣ ਜਾ ਰਹੇ ਹਨ, ਜੋ ਅਮਰੀਕਾ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਚੀਨ ਬਹੁਤ ਜ਼ਿਆਦਾ ਟੈਕਸ ਲਾਉਂਦਾ ਹੈ ਅਤੇ ਭਾਰਤ ਤੇ ਬ੍ਰਾਜ਼ੀਲ ‘ਚ ਵੀ ਸਥਿਤੀ ਅਜਿਹੀ ਹੀ ਹੈ। ਟਰੰਪ ਨੇ ਭਾਰਤ ‘ਤੇ ਵੀ ਟੈਕਸ ਲਾਉਣ ਦੀ ਚਿਤਾਵਨੀ ਦਿੱਤੀ ਸੀ। ਇਹ ਪਹਿਲੀ ਵਾਰ ਨਹੀਂ ਹੈ ਕਿ ਟਰੰਪ ਨੇ ਭਾਰਤ ਵੱਲੋਂ ਖਾਸ ਤੌਰ ‘ਤੇ ਹਾਰਲੇ ਡੇਵਿਡਸਨ ਮੋਟਰਸਾਈਕਲ ‘ਤੇ ਲਾਏ ਗਏ ਉੱਚ ਟੈਕਸ ਦਾ ਮੁੱਦਾ ਚੁੱਕਿਆ ਹੈ, ਬਲਕਿ ਉਹ ਆਪਣੀ ਚੋਣ ਮੁਹਿੰਮ ਦੌਰਾਨ ਵੀ ਇਹ ਮੁੱਦਾ ਚੁੱਕਦੇ ਰਹੇ ਹਨ।
ਅਮਰੀਕਾ ਦੇ ਕੁਝ ਮਹਿੰਗੇ ਉਤਪਾਦਾਂ ‘ਤੇ ਟੈਕਸ ਕਟੌਤੀ ਦਾ ਐਲਾਨ ਕਰ ਸਕਦੈ ਭਾਰਤ
