ਸੈਕਰਾਮੈਂਟੋ, 23 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਰਾਜ ਇੰਡਿਆਨਾ ਦੇ ਉਤਰ ਪੱਛਮ ਵਿਚ ਇਕ ਘਰ ਵਿਚ ਹੋਏ ਜਬਰਦਸਤ ਗਰਨੇਡ ਧਮਾਕੇ ਵਿਚ ਪਿਤਾ ਦੀ ਮੌਤ ਹੋਣ ਤੇ ਉਸ ਦੇ 2 ਪੁੱਤਰਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਲੇਕ ਕਾਊਂਟੀ ਸ਼ੈਰਿਫ ਦਫਤਰ ਦੇ ਬੁਲਾਰੇ ਪਾਮ ਜੋਨਸ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਇਹ ਪਰਿਵਾਰਕ ਮੈਂਬਰ ਆਪਣੇ ਦਾਦੇ ਦੇ ਸਮਾਨ ਦੀ ਫਰੋਲਾਫਰਾਲੀ ਕਰ ਰਹੇ ਸਨ ਜਦੋਂ ਉਨਾਂ ਨੂੰ ਉਥੋਂ ਹੱਥ ਗੋਲਾ ਮਿਲਿਆ। ਇਕ ਮੈਂਬਰ ਨੇ ਹੱਥ ਗੋਲੇ ਦੀ ਪਿੰਨ ਕੱਢ ਦਿੱਤੀ ਜਿਸ ਉਪਰੰਤ ਜਬਰਦਸਤ ਧਮਾਕਾ ਹੋਇਆ। ਸ਼ਾਮ 6.30 ਵਜੇ ਪੁਲਿਸ ਅਫਸਰ ਮੌਕੇ ਉਪਰ ਪੁੱਜੇ। ਪੁਲਿਸ ਅਨੁਸਾਰ ਪਿਤਾ ਬੇਹੋਸ਼ੀ ਦੀ ਹਾਲਤ ਵਿਚ ਸੀ ਜਿਸ ਨੂੰ ਬਾਅਦ ਵਿਚ ਮ੍ਰਿਤਕ ਐਲਾਨ ਦਿੱਤਾ ਗਿਆ। 14 ਤੇ 18 ਸਾਲ ਦੇ ਉਸ ਦੇ ਦੋ ਪੁੱਤਰਾਂ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਬਿਆਨ ਅਨੁਸਾਰ ਖੇਤਰ ਵਿਚ ਸੰਭਾਵੀ ਤੌਰ ‘ਤੇ ਹੋਰ ਧਮਾਕਾਖੇਜ਼ ਸਮਗਰੀ ਹੋ ਸਕਦੀ ਹੈ ਜਿਸ ਦੀ ਭਾਲ ਲਈ ਪੋਰਟਰ ਕਾਊਂਟੀ ਦੇ ਬੰਬ ਸਕੁਐਡ ਨੂੰ ਮੌਕੇ ਉਪਰ ਬੁਲਾਇਆ ਗਿਆ ਹੈ