* ਸ਼ੱਕੀ ਵੀ ਪੁਲਿਸ ਕਾਰਵਾਈ ਵਿਚ ਮਾਰਿਆ ਗਿਆ
ਸੈਕਰਾਮੈਂਟੋ , 20 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਨਿਊ ਹੈਂਪਸ਼ਾਇਰ ਰਾਜ ਦੀ ਰਾਜਧਾਨੀ ਕੋਨਕਾਰਡ ਦੇ ਇਕ ਹਸਪਤਾਲ ਵਿਚ ਵਾਪਰੀ ਗੋਲੀਬਾਰੀ ਦੀ ਇਕ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋਣ ਤੇ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੀ ਪੁਲਿਸ ਦੀ ਕਾਰਵਾਈ ਵਿਚ ਸ਼ੱਕੀ ਹਮਲਾਵਰ ਵੀ ਮਾਰੇ ਜਾਣ ਦੀ ਖਬਰ ਹੈ। ਕਰਨਲ ਮਾਰਕ ਹਾਲ ਡਾਇਰੈਕਟਰ ਡਵੀਜ਼ਨ ਆਫ ਸਟੇਟ ਪੁਲਿਸ ਨੇ ਇਕ ਪ੍ਰੈਸ ਬਿਆਨ ਵਿਚ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਮਾਨਸਿਕ ਬਿਮਾਰੀਆਂ ਸਬੰਧੀ ਹਸਪਤਾਲ ਵਿਚ ਗੋਲੀ ਚੱਲਣ ਦੀ ਸੂਚਨਾ ਮਿਲਣ ‘ਤੇ ਦੁਪਹਿਰ ਬਾਅਦ 3.38 ਵਜੇ ਦੇ ਆਸ ਪਾਸ ਪੁਲਿਸ ਮੌਕੇ ‘ਤੇ ਪੁੱਜੀ ਤਾਂ ਇਕ ਪੁੁਲਿਸ ਅਫਸਰ ਵੱਲੋਂ ਕੀਤੀ ਜਵਾਬੀ ਕਾਰਵਾਈ ਵਿਚ ਸ਼ੱਕੀ ਹਮਲਵਾਰ ਮਾਰਿਆ ਗਿਆ। ਉਨਾਂ ਕਿਹਾ ਕਿ ਸ਼ੱਕੀ ਵੱਲੋਂ ਚਲਾਈ ਗੋਲੀ ਨਾਲ ਜਖਮੀ ਹੋਏ ਵਿਅਕਤੀ ਨੂੰ ਕੋਨਕਾਰਡ ਦੇ ਇਕ ਹੋਰ ਹਸਪਤਾਲ ਵਿਚ ਲਿਜਾਇਆ ਗਿਆ ਪਰੰਤੂ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਮਾਰਕ ਹਾਲ ਨੇ ਮ੍ਰਿਤਕ ਵਿਅਕਤੀ ਤੇ ਮਾਰੇ ਗਏ ਸ਼ੱਕੀ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਉਨਾਂ ਕਿਹਾ ਕਿ ਹਸਪਤਾਲ ਵਿਚ ਦਾਖਲ ਸਾਰੇ ਮਰੀਜ਼ ਠੀਕ ਠਾਕ ਹਨ । ਇਸ ਹਸਪਤਾਲ ਵਿਚ 100 ਤੋਂ ਵਧ ਮਰੀਜ਼ ਇਲਾਜ ਅਧੀਨ ਹਨ।