ਵਾਸ਼ਿੰਗਟਨ ਡੀ.ਸੀ., 9 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿਚ 5 ਨਵੰਬਰ 2024 ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵਿਚ ਰਾਸ਼ਟਰਪਤੀ ਤੋਂ ਇਲਾਵਾ ਕਾਂਗਰਸ, ਸੈਨੇਟ, ਸਟੇਟ ਅਸੈਂਬਲੀ, ਸਟੇਟ ਸੈਨੇਟਰ, ਸਿਟੀ ਮੇਅਰ ਤੋਂ ਇਲਾਵਾ ਹੋਰ ਵੀ ਵੱਖ-ਵੱਖ ਅਹੁਦਿਆਂ ਲਈ ਚੋਣਾਂ ਹੋਣਗੀਆਂ ਭਾਵੇਂ ਕਿ ਅਮਰੀਕਾ ਵਿਚ ਚੋਣਾਂ ਦਾ ਦਿਨ 5 ਨਵੰਬਰ ਰੱਖਿਆ ਗਿਆ ਹੈ, ਪਰ ਇੱਥੇ 1 ਮਹੀਨਾ ਪਹਿਲਾਂ ਹੀ ‘ਵੋਟ ਬੈਲੇਟ’ ਮੇਲ ਰਾਹੀਂ ਵੋਟਾਂ ਸ਼ੁਰੂ ਹੋ ਜਾਂਦੀਆਂ ਹਨ।
ਅਮਰੀਕਾ ਵਿਚ ਵੋਟ ਪਾਉਣ ਦਾ ਅਧਿਕਾਰ ਸਿਰਫ ਅਮਰੀਕੀ ਨਾਗਰਿਕ ਨੂੰ ਹੀ ਹੁੰਦਾ ਹੈ। ਇਥੇ ਵੋਟ ਪਾਉਣਾ ਬਹੁਤ ਹੀ ਆਸਾਨ ਹੈ। ਵੋਟਾਂ ਵਾਲੇ ਦਿਨ ਕਿਸੇ ਵੀ ਬੂਥ ‘ਤੇ ਲੰਮੀਆਂ ਲਾਈਨਾਂ ਦੇਖਣ ਨੂੰ ਨਹੀਂ ਮਿਲਦੀਆਂ, ਕੋਈ ਟਾਵਾਂ-ਟਾਵਾਂ ਹੀ ਵੋਟ ਪਾਉਣ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਵੋਟ ਬੈਲੇਟ ਡਾਕ ਰਾਹੀਂ ਲੋਕਾਂ ਦੇ ਘਰਾਂ ਵਿਚ ਪਹੁੰਚ ਜਾਂਦਾ ਹੈ, ਜਿਸ ਨੂੰ ਕਿ ਵੋਟਰ ਘਰ ਬੈਠਿਆਂ ਹੀ ਆਪਣੇ ਪਸੰਦੀਦਾ ਉਮੀਦਵਾਰਾਂ ਨੂੰ ਨਿਸ਼ਾਨੀਆਂ ਲਾ ਕੇ ਸਰਕਾਰ ਵੱਲੋਂ ਭੇਜੇ ਲਿਫਾਫੇ ਵਿਚ ਦੁਬਾਰਾ ਪਾ ਕੇ ਮੇਲ ਕਰ ਦਿੰਦੇ ਹਨ ਅਤੇ ਇਸ ‘ਤੇ ਕੋਈ ਟਿਕਟ ਵੀ ਨਹੀਂ ਲਾਉਣੀ ਪੈਂਦੀ। ਨਾ ਹੀ ਕੋਈ ਖਰਚਾ ਹੁੰਦਾ ਹੈ। ਡਾਕ ਰਾਹੀਂ ਭੇਜੇ ਵੋਟ ਬੈਲੇਟ ਜਦੋਂ ਵੋਟ ਵਿਭਾਗ ਤੱਕ ਪਹੁੰਚ ਜਾਂਦਾ ਹੈ, ਤਾਂ ਤੁਹਾਡੀ ਵੋਟ ਪਹੁੰਚਣ ਦਾ ਪ੍ਰਮਾਣ ਵੀ ਵੋਟ ਮਹਿਕਮੇ ਵੱਲੋਂ ਮਿਲ ਜਾਂਦਾ ਹੈ, ਜੋ ਕਿ ਤਸਦੀਕ ਕਰਦਾ ਹੈ ਕਿ ਤੁਹਾਡੀ ਵੋਟ ਗਿਣਤੀ ਵਿਚ ਆ ਗਈ ਹੈ। ਜੇਕਰ ਤੁਸੀਂ ਡਾਕ ਰਾਹੀਂ ਵੋਟ ਨਹੀਂ ਪਾਈ, ਤਾਂ 5 ਨਵੰਬਰ ਨੂੰ ਖੁਦ ਪੋਲਿੰਗ ਬੂਥ ‘ਤੇ ਜਾ ਕੇ ਵੋਟ ਪਾਈ ਜਾ ਸਕਦੀ ਹੈ। ਚੋਣਾਂ ਦਾ ਨਤੀਜਾ 5 ਨਵੰਬਰ ਦੀ ਰਾਤ ਨੂੰ ਹੀ ਨਸ਼ਰ ਕਰ ਦਿੱਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਇਸ ਚੋਣ ਪ੍ਰਕਿਰਿਆ ਵਿਚ ਕੋਈ ਹੇਰਾਫੇਰੀ ਨਹੀਂ ਹੋ ਸਕਦੀ।
ਅਮਰੀਕਾ ਵਿਚ ਇਸ ਵਕਤ ਰਾਸ਼ਟਰਪਤੀ ਦੇ ਦੋ ਪ੍ਰਮੁੱਖ ਉਮੀਦਵਾਰ ਹਨ। ਡੈਮੋਕ੍ਰੇਟਿਕ ਪਾਰਟੀ ਵੱਲੋਂ ਦੇਸ਼ ਦੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਮੀਦਵਾਰ ਹਨ। ਜਦਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਰਿਪਬਲੀਕਨ ਪਾਰਟੀ ਵੱਲੋਂ ਜ਼ੋਰ-ਅਜ਼ਮਾਇਸ਼ ਕਰ ਰਹੇ ਹਨ। ਇਸ ਵਾਰ ਦੋਵਾਂ ਧਿਰਾਂ ਵਿਚ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਭਾਵੇਂ ਕਿ ਜੋਅ ਬਾਇਡਨ ਵੱਲੋਂ ਇਸ ਵਾਰ ਚੋਣਾਂ ਨਾ ਲੜਨ ਦਾ ਐਲਾਨ ਅੰਤਲੇ ਮੌਕੇ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਆਪਣੀ ਥਾਂ ਕਮਲਾ ਹੈਰਿਸ ਨੂੰ ਡੈਮੋਕ੍ਰੇਟਿਕ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਸੀ। ਬਹੁਤ ਹੀ ਥੋੜ੍ਹੇ ਸਮੇਂ ਵਿਚ ਕਮਲਾ ਹੈਰਿਸ ਨੇ ਡੋਨਾਲਡ ਟਰੰਪ ਨੂੰ ਸਖਤ ਮੁਕਾਬਲੇ ਦੀ ਚੁਣੌਤੀ ਦੇ ਦਿੱਤੀ ਹੈ।