ਮੁਡੈਸਟੋ, 12 ਨਵੰਬਰ (ਪੰਜਾਬ ਮੇਲ)- ਉੱਘੇ ਰਾਗੀ ਭਾਈ ਅਮਰਜੀਤ ਸਿੰਘ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ। ਉਹ ਪਿਛਲੇ 32 ਸਾਲ ਤੋਂ ਅਮਰੀਕਾ ਰਹਿ ਰਹੇ ਸਨ ਅਤੇ ਕੁੱਝ ਤਕਨੀਕੀ ਕਾਰਨਾਂ ਕਰਕੇ ਉਨ੍ਹਾਂ ਨੂੰ ਇਥੋਂ ਡਿਪੋਰਟ ਕਰ ਦਿੱਤਾ ਗਿਆ ਹੈ। ਪਹਿਲਾਂ ਉਨ੍ਹਾਂ ਨੂੰ ICE ਵੱਲੋਂ ਡਿਟੇਨ ਕਰਕੇ ਬੇਕਰਜ਼ਫੀਲਡ ਜੇਲ੍ਹ ਵਿਚ ਕੁੱਝ ਦਿਨ ਰੱਖਿਆ ਗਿਆ। ਉਪਰੰਤ ਉਨ੍ਹਾਂ ਨੂੰ ਟੈਕਸਾਸ ਸਟੇਟ ਦੀ ਅਲ ਪਾਸੋ ਜੇਲ੍ਹ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਇੱਕ ਅਮਰੀਕੀ ਜਹਾਜ਼ ਰਾਹੀਂ ਭਾਰਤ ਡਿਪੋਰਟ ਕਰ ਦਿੱਤਾ ਗਿਆ। ਉਨ੍ਹਾਂ ਨਾਲ ਕੁੱਝ ਹੋਰ ਲੋਕ ਵੀ ਡਿਪੋਰਟ ਕੀਤੇ ਗਏ, ਜਿਨ੍ਹਾਂ ਵਿਚੋਂ 70 ਦੇ ਕਰੀਬ ਪੰਜਾਬੀ ਸਨ। ਇਹ ਜਹਾਜ਼ ਰਸਤੇ ਵਿਚ ਕੁੱਝ ਹੋਰ ਮੁਲਕਾਂ ਵਿਚ ਵੀ ਰੁਕਦਾ-ਰੁਕਾਉਂਦਾ ਗਿਆ, ਜਿੱਥੇ ਉਨ੍ਹਾਂ ਦੇਸ਼ਾਂ ਨਾਲ ਕੁੱਝ ਹੋਰ ਡਿਪੋਰਟ ਕੀਤੇ ਲੋਕਾਂ ਨੂੰ ਉਤਾਰਿਆ ਗਿਆ। ਇਨ੍ਹਾਂ ਦੇਸ਼ਾਂ ਵਿਚ ਟਰਕਿਸ਼ ਅਤੇ ਚੀਨ ਵੀ ਸ਼ਾਮਲ ਸਨ ਅਤੇ ਅਖੀਰ ਵਿਚ 70 ਦੇ ਕਰੀਬ ਡਿਪੋਰਟ ਕੀਤੇ ਲੋਕਾਂ ਨੂੰ ਦਿੱਲੀ ਏਅਰਪੋਰਟ ‘ਤੇ ਉਤਾਰਿਆ ਗਿਆ, ਜਿੱਥੇ ਉਨ੍ਹਾਂ ਨੂੰ ਭਾਰਤੀ ਇਮੀਗ੍ਰੇਸ਼ਨ ਵੱਲੋਂ ਲੰਮਾ ਸਮਾਂ ਪੁੱਛਗਿੱਛ ਕਰਨ ਤੋਂ ਉਪਰੰਤ ਜਾਣ ਦਿੱਤਾ ਗਿਆ। ਇਹ ਯਾਤਰੀ ਉਥੋਂ ਇਮੀਗ੍ਰੇਸ਼ਨ ਕਲੀਅਰ ਕਰਾਉਣ ਤੋਂ ਬਾਅਦ ਆਪੋ-ਆਪਣੇ ਘਰਾਂ ਨੂੰ ਚਲੇ ਗਏ।
ਇਸੇ ਤਰ੍ਹਾਂ ਬਹੁਤ ਸਾਰੇ ਹੋਰ ਲੋਕਾਂ ਨੂੰ ਵੀ ਡਿਪੋਰਟ ਕਰਕੇ ਅਮਰੀਕੀ ਜਹਾਜ਼ਾਂ ਰਾਹੀਂ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਭਾਈ ਅਮਰਜੀਤ ਸਿੰਘ ਪਿਛਲੇ 32 ਸਾਲਾਂ ਤੋਂ ਅਮਰੀਕਾ ਰਹਿ ਰਹੇ ਸਨ। ਉਨ੍ਹਾਂ ਆਪਣੇ ਵੱਡੇ ਭਰਾ ਭਾਈ ਮਨਜੀਤ ਸਿੰਘ ਨਾਲ ਰਲ ਕੇ ਅਮਰੀਕਾ ‘ਚ ਲੰਮਾ ਸਮਾਂ ਸਿੱਖੀ ਦਾ ਪ੍ਰਚਾਰ ਕੀਤਾ। ਇਮੀਗ੍ਰੇਸ਼ਨ ‘ਚ ਕੁੱਝ ਤਕਨੀਕੀ ਗਲਤੀਆਂ ਹੋਣ ਕਾਰਨ 60 ਸਾਲਾ ਭਾਈ ਅਮਰਜੀਤ ਸਿੰਘ ਨੂੰ ਇਹ ਦਿਨ ਦੇਖਣਾ ਪਿਆ ਤੇ ਉਨ੍ਹਾਂ ਨੂੰ ਆਪਣਾ ਸਮੁੱਚਾ ਪਰਿਵਾਰ ਅਮਰੀਕਾ ਛੱਡ ਕੇ ਖੁਦ ਵਾਪਸ ਪੰਜਾਬ ਪਰਤਣਾ ਪਿਆ।
ਇਥੇ ਇਹ ਕਹਿਣਾ ਬਣਦਾ ਹੈ ਕਿ ਇਸ ਪਰਿਵਾਰ ਦੀ ਅਮਰੀਕਾ ‘ਚ ਕਾਫੀ ਇੱਜ਼ਤ ਹੈ ਅਤੇ ਇਨ੍ਹਾਂ ਵੱਲੋਂ ਕੋਈ ਵੀ ਗੈਰ ਕਾਨੂੰਨੀ ਜੁਰਮ ਨਹੀਂ ਕੀਤਾ ਗਿਆ ਸੀ। ਇਨ੍ਹਾਂ ਨੇ ਆਪਣੇ ਵੱਡੇ ਭਰਾਤਾ ਭਾਈ ਮਨਜੀਤ ਸਿੰਘ ਨਾਲ ਬਹੁਤ ਸਾਰੀਆਂ ਧਾਰਮਿਕ ਅਤੇ ਗੁਰਬਾਣੀ ਦੀਆਂ ਕੈਸਟਾਂ ਰਿਕਾਰਡ ਕਰਵਾਈਆਂ ਹੋਈਆਂ ਹਨ, ਜਿਸ ਨਾਲ ਸਿੱਖੀ ਦਾ ਕਾਫੀ ਪ੍ਰਚਾਰ ਹੋਇਆ ਹੈ। ਕੁੱਝ ਜਥੇਬੰਦੀਆਂ ਨੇ ਇਨ੍ਹਾਂ ਨੂੰ ਡਿਪੋਰਟ ਹੋਣ ਤੋਂ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ।
ਉਨ੍ਹਾਂ ਦੇ ਵੱਡੇ ਭਰਾ ਭਾਈ ਮਨਜੀਤ ਸਿੰਘ ਨੇ ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਲੰਮੇ ਸਮੇਂ ਤੋਂ ਇਕੱਠੇ ਪੰਥ ਦੀ ਸੇਵਾ ਕਰ ਰਹੇ ਸੀ। ਉਨ੍ਹਾਂ ਦੱਸਿਆ ਕਿ ਹੁਣ ਭਾਈ ਅਮਰਜੀਤ ਸਿੰਘ ਦੇ ਬੇਟੇ ਮੇਰੇ ਨਾਲ ਕੀਰਤਨ ‘ਚ ਸੰਗਤ ਕਰਦੇ ਹਨ।
ਅਮਰੀਕਾ ਤੋਂ ਭਾਈ ਅਮਰਜੀਤ ਸਿੰਘ ਸਮੇਤ 70 ਦੇ ਕਰੀਬ ਪੰਜਾਬੀਆਂ ਨੂੰ ਗਿਆ ਕੀਤਾ ਡਿਪੋਰਟ

