#PUNJAB

ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਤੀਜਾ ਜਹਾਜ਼ ਅੰਮ੍ਰਿਤਸਰ ਏਅਰਪੋਰਟ ਪਹੁੰਚਿਆ

ਅੰਮ੍ਰਿਤਸਰ, 17 ਫਰਵਰੀ (ਪੰਜਾਬ ਮੇਲ)- ਅਮਰੀਕਾ ਤੋਂ 112 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦਾ ਤੀਜਾ ਜਹਾਜ਼ ਅੰਮ੍ਰਿਤਸਰ ਏਅਰਪੋਰਟ ਉੱਤੇ ਪਹੁੰਚਿਆ। ਇਸ ਜਹਾਜ਼ ਵਿਚ 44 ਲੋਕ ਹਰਿਆਣਾ ਤੋਂ 31 ਪੰਜਾਬ ਤੋਂ, ਗੁਜਰਾਤ ਤੋਂ 33 ਲੋਕ ਡਿਪੋਰਟ ਹੋ ਰਹੇ ਹਨ। ਇਸ ਦੇ ਨਾਲ ਹੀ ਯੂ.ਪੀ. ਦੇ 2 ਤੇ ਉਤਰਾਖੰਡ ਤੇ ਹਿਮਾਚਲ ਦਾ 1-1 ਬੰਦਾ ਸ਼ਾਮਲ ਹੈ। ਇਹ ਜਹਾਜ਼ 119 ਭਾਰਤੀਆਂ ਦਾ ਦੂਜਾ ਜੱਥਾ ਸ਼ਨੀਵਾਰ ਰਾਤ 11:40 ਵਜੇ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਆਇਆ ਹੈ। ਸੂਤਰਾਂ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗੈਰ-ਕਾਨੂੰਨੀ ਪ੍ਰਵਾਸ ‘ਤੇ ਕਾਰਵਾਈ ਦੇ ਹਿੱਸੇ ਵਜੋਂ ਸਾਰੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਨੂੰ ਵਾਪਸ ਭੇਜਣ ਤੱਕ ਹਰ ਦੂਜੇ ਹਫ਼ਤੇ ਦੇਸ਼ ਨਿਕਾਲਾ ਜਾਰੀ ਰਹੇਗਾ।
ਕੱਲ੍ਹ ਰਾਤ ਉਤਰੇ 119 ਲੋਕਾਂ ਵਿਚੋਂ 67 ਪੰਜਾਬ ਤੋਂ, 33 ਹਰਿਆਣਾ ਤੋਂ, ਅੱਠ ਗੁਜਰਾਤ ਤੋਂ, ਤਿੰਨ ਉੱਤਰ ਪ੍ਰਦੇਸ਼ ਤੋਂ, ਦੋ ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ, ਅਤੇ ਇੱਕ-ਇੱਕ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਹਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਗੋਆ, ਗੁਜਰਾਤ ਅਤੇ ਮਹਾਰਾਸ਼ਟਰ ਤੋਂ ਆਏ ਲੋਕਾਂ ਨੂੰ ਸਵੇਰ ਦੀਆਂ ਉਡਾਣਾਂ ਰਾਹੀਂ ਉਨ੍ਹਾਂ ਦੇ ਸਬੰਧਤ ਰਾਜਾਂ ਵਿਚ ਲਿਜਾਇਆ ਜਾ ਰਿਹਾ ਹੈ।
ਬੀਤੇ ਦਿਨੀਂ ਦੇਖਿਆ ਗਿਆ ਕਿ ਅਮਰੀਕਾ ਤੋਂ ਡਿਪੋਰਟ ਹੋਏ ਸਾਰੇ ਭਾਰਤੀਆਂ ਦੇ ਹੱਥਾਂ ਵਿਚ ਹਥਕੜੀਆਂ ਲਾਈਆਂ ਹੋਈਆਂ ਸਨ। ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਅਮਰੀਕਾ ਫੇਰੀ ਦੌਰਾਨ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਜਦੋਂ ਮੋਦੀ ਆਪਣੇ ਦੋਸਤ ਡੋਨਾਲਡ ਟਰੰਪ ਨਾਲ ਹੱਥ ਮਿਲਾ ਰਹੇ ਸਨ, ਤਾਂ ਭਾਰਤੀ ਨਾਗਰਿਕਾਂ ਨੂੰ ਫੌਜੀ ਜਹਾਜ਼ ਵਿਚ ਜੰਜ਼ੀਰਾਂ ਨਾਲ ਬੰਨ੍ਹ ਕੇ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਸੀ। ਜੰਜ਼ੀਰਾਂ ਨਾਲ ਬੰਨ੍ਹੇ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ, ਇਹ ਟਰੰਪ ਦਾ ਮੋਦੀ ਨੂੰ ਵਾਪਸੀ ਦਾ ਤੋਹਫ਼ਾ ਹੈ।