#AMERICA

ਅਮਰੀਕਾ ਤੋਂ ਡਿਪੋਰਟ ਹੋਏ ਪ੍ਰਵਾਸੀਆਂ ਦਾ ਵਾਪਸ ਪਰਤਨ ਤੋਂ ਇਨਕਾਰ!

ਪਨਾਮਾ ਸਿਟੀ, 21 ਫਰਵਰੀ (ਪੰਜਾਬ ਮੇਲ)-  ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ 100 ਦੇ ਕਰੀਬ ਗੈਰ-ਕਾਨੂੰਨੀ ਪ੍ਰਵਾਸੀਆਂ ਨੇ ਆਪਣੇ ਦੇਸ਼ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਲੋਕ ਅਮਰੀਕਾ ਵੱਲੋਂ ਪਨਾਮਾ ਵਿਚ ਭੇਜੇ ਗਏ 299 ਗੈਰ-ਕਾਨੂੰਨੀ ਪ੍ਰਵਾਸੀਆਂ ਵਿਚ ਸ਼ਾਮਲ ਸਨ। ਇਨ੍ਹਾਂ ਨੂੰ ਹੁਣ ਪਨਾਮਾ ਦੇ ਡੇਰੀਅਨ ਸੂਬੇ ਦੇ ਇਕ ਕੈਂਪ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਪਨਾਮਾ ਆਏ ਕੁੱਲ 299 ਗੈਰ-ਕਾਨੂੰਨੀ ਪ੍ਰਵਾਸੀਆਂ ਵਿਚੋਂ, ਸਿਰਫ਼ 171 ਹੀ ਆਪਣੇ ਜੱਦੀ ਦੇਸ਼ਾਂ ਨੂੰ ਵਾਪਸ ਜਾਣ ਲਈ ਸਹਿਮਤ ਹੋਏ ਹਨ।
ਪਨਾਮਾ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਡੇਰੀਅਨ ਭੇਜੇ ਗਏ ਪ੍ਰਵਾਸੀਆਂ ਨੇ ਆਪਣੇ ਦੇਸ਼ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਜਦੋਂ ਤੱਕ ਕੋਈ ਤੀਜਾ ਦੇਸ਼ ਉਨ੍ਹਾਂ ਨੂੰ ਲੈਣ ਲਈ ਅੱਗੇ ਨਹੀਂ ਆਉਂਦਾ, ਉਨ੍ਹਾਂ ਨੂੰ ਉੱਥੇ ਹੀ ਰੱਖਿਆ ਜਾਵੇਗਾ। ਇਹ 98 ਲੋਕ ਅਮਰੀਕੀ ਸਰਕਾਰ ਦੁਆਰਾ ਪਨਾਮਾ ਭੇਜੇ ਗਏ 299 ਪ੍ਰਵਾਸੀਆਂ ਦੇ ਇਕ ਵੱਡੇ ਸਮੂਹ ਦਾ ਹਿੱਸਾ ਹਨ। ਬਾਕੀ ਸਾਰੇ ਪਨਾਮਾ ਸਿਟੀ ਦੇ ਇਕ ਹੋਟਲ ਵਿਚ ਪੁਲਸ ਨਿਗਰਾਨੀ ਹੇਠ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।