ਵਾਸ਼ਿੰਗਟਨ, 21 ਮਈ (ਪੰਜਾਬ ਮੇਲ)- ਬੀਤੇ ਦਿਨੀਂ ਅਮੀਰੀਕੀ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਜੋ ਗ਼ੈਰ-ਕਾਨੂੰਨੀ ਪ੍ਰਵਾਸੀ ਆਪਣੀ ਇੱਛਾ ਨਾਲ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦੇ ਹਨ, ਭਾਵ ਸੈਲਫ ਡਿਪੋਰਟ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਰਕਾਰ 1,000 ਅਮਰੀਕੀ ਡਾਲਰ ਦੇਵੇਗੀ ਤੇ ਉਨ੍ਹਾਂ ਦੇ ਮੁਲਕ ਛੱਡਣ ਦਾ ਸਾਰਾ ਖ਼ਰਚਾ ਵੀ ਉਠਾਏਗੀ। ਇਸ ਦੌਰਾਨ ਅਮਰੀਕਾ ਨੇ ਸੈਲਫ਼ ਡਿਪੋਰਟ ਹੋਣ ਵਾਲੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਪਹਿਲੀ ਫਲਾਈਟ ਰਾਹੀਂ ਹੋਂਡੁਰਾਸ ਅਤੇ ਕੋਲੰਬੀਆ ਤੋਂ ਹਜ਼ਾਰਾਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਹੈ।
ਉੱਤਰੀ ਹੋਂਡੂਰਾਨ ਸ਼ਹਿਰ ਸੈਨ ਪੇਡਰੋ ਸੁਲਾ ਵਿਚ 19 ਬੱਚਿਆਂ ਸਮੇਤ 38 ਹੋਂਡੂਰਾਨ ਅਮਰੀਕੀ ਸਰਕਾਰ ਤੋਂ 1,000 ਅਮਰੀਕੀ ਡਾਲਰ ਦੇ ਡੈਬਿਟ ਕਾਰਡ ਲੈ ਕੇ ਜਾਣ ਵਾਲੀ ਚਾਰਟਰ ਫਲਾਈਟ ਤੋਂ ਉਤਰ ਗਏ ਅਤੇ ਉਨ੍ਹਾਂ ਨੂੰ ਅਮਰੀਕਾ ਵਿਚ ਕਾਨੂੰਨੀ ਪ੍ਰਵੇਸ਼ ਲਈ ਅਪਲਾਈ ਕਰਨ ਲਈ ਵੀ ਇਕ ਦਿਨ ਦੀ ਇਜਾਜ਼ਤ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ‘ਚੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਲਈ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਕਾਫ਼ੀ ਤੇਜ਼ ਕੀਤਾ ਹੋਇਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸੈਲਫ਼ ਡਿਪੋਰਟ ਦੀ ਪੇਸ਼ਕਸ਼ ਸਿਰਫ ਵਾਪਸੀ ‘ਤੇ ਵਿਚਾਰ ਕਰ ਰਹੇ ਪ੍ਰਵਾਸੀਆਂ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਹੀ ਉਤਸ਼ਾਹਿਤ ਕਰੇਗੀ, ਪਰ ਵੱਡੇ ਪੱਧਰ ‘ਤੇ ਲੋਕਾਂ ਵੱਲੋਂ ਇਸ ਨੂੰ ਅਪਣਾਇਆ ਜਾਣਾ ਮੁਮਕਿਨ ਨਹੀਂ।
ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀ ਸੈਲਫ ਡਿਪੋਰਟ ਹੋਣੇ ਸ਼ੁਰੂ!
