#AMERICA

ਅਮਰੀਕਾ ਤੇ ਵੈਨੇਜ਼ੁਏਲਾ ਵਿਚਾਲੇ ਤਣਾਅ ਵਧਿਆ

ਬੰਬਾਰਾਂ ਨੇ ਵੈਨੇਜ਼ੁਏਲਾ ਦੇ ਕੰਢੇ ਤੱਕ ਭਰੀ ਉਡਾਣ; ਟਰੰਪ ਰਾਸ਼ਟਰਪਤੀ ਮਾਦੂਰੋ ਨੂੰ ਸੱਤਾ ਤੋਂ ਲਾਂਭੇ ਕਰਨਾ ਚਾਹੁੰਦੇ
ਵਾਸ਼ਿੰਗਟਨ, 25 ਅਕਤੂਬਰ (ਪੰਜਾਬ ਮੇਲ)- ਅਮਰੀਕਾ ਅਤੇ ਵੈਨੇਜ਼ੁਏਲਾ ਵਿਚਾਲੇ ਤਣਾਅ ਲਗਾਤਾਰ ਵਧ ਰਿਹਾ ਹੈ। ਅਮਰੀਕੀ ਫੌਜ ਨੇ ਕੈਰੇਬੀਅਨ ਸਾਗਰ ਅਤੇ ਵੈਨੇਜ਼ੁਏਲਾ ਦੇ ਕੰਢੇ ਨੇੜੇ ਸੁਪਰਸੋਨਿਕ ਬੰਬਾਰ ਉਡਾਏ। ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਦਰਮਿਆਨ ਅਮਰੀਕਾ ਨੇ ਸਖ਼ਤ ਰੁਖ਼ ਦਿਖਾਇਆ ਹੈ। ਹਫ਼ਤਾ ਪਹਿਲਾਂ ਵੀ ਅਮਰੀਕੀ ਬੰਬਾਰਾਂ ਨੇ ਮਸ਼ਕਾਂ ਤਹਿਤ ਇਸੇ ਤਰ੍ਹਾਂ ਉਡਾਣਾਂ ਭਰੀਆਂ ਸਨ। ਇਹ ਕਿਆਸ ਲਾਏ ਜਾ ਰਹੇ ਹਨ ਕਿ ਰਾਸ਼ਟਰਪਤੀ ਡੋਨਲਡ ਟਰੰਪ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਸੱਤਾ ਤੋਂ ਲਾਂਭੇ ਕਰਨਾ ਚਾਹੁੰਦੇ ਹਨ, ਜਿਨ੍ਹਾਂ ‘ਤੇ ਅਮਰੀਕਾ ‘ਚ ਨਾਰਕੋ-ਅੱਤਵਾਦ ਦੇ ਦੋਸ਼ ਹਨ। ਅਮਰੀਕੀ ਫੌਜ ਵੱਲੋਂ ਸਤੰਬਰ ਦੇ ਸ਼ੁਰੂ ਤੋਂ ਹੀ ਵੈਨੇਜ਼ੁਏਲਾ ਦੇ ਪਾਣੀਆਂ ‘ਚ ਸਮੁੰਦਰੀ ਜਹਾਜ਼ਾਂ ‘ਤੇ ਹਮਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਬਾਰੇ ਟਰੰਪ ਨੇ ਆਖਿਆ ਹੈ ਕਿ ਉਹ ਨਸ਼ਾ ਤਸਕਰੀ ਕਰ ਰਹੇ ਹਨ। ਫਲਾਈਟ ਟਰੈਕਿੰਗ ਡੇਟਾ ਮੁਤਾਬਕ ਵੀਰਵਾਰ ਨੂੰ ਬੀ-1 ਲਾਂਸਰ ਬੰਬਾਰਾਂ ਦੀ ਜੋੜੀ ਨੇ ਟੈਕਸਸ ‘ਚ ਏਅਰ ਫੋਰਸ ਬੇਸ ਤੋਂ ਵੈਨੇਜ਼ੁਏਲਾ ਦੇ ਕੰਢੇ ਵੱਲ ਉਡਾਣ ਭਰੀ ਸੀ। ਟਰੰਪ ਤੋਂ ਜਦੋਂ ਵੀਰਵਾਰ ਨੂੰ ਬੀ-1 ਬੰਬਾਰ ਦੀ ਉਡਾਣ ਬਾਰੇ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਗਲਤ ਖ਼ਬਰ ਹੈ ਪਰ ਉਹ ਕਈ ਕਾਰਨਾਂ ਕਰ ਕੇ ਵੈਨੇਜ਼ੁਏਲਾ ਤੋਂ ਖੁਸ਼ ਨਹੀਂ ਹਨ। ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇ ਨਸ਼ਾ ਤਸਕਰਾਂ ਨੇ ਕਿਸ਼ਤੀਆਂ ਛੱਡ ਕੇ ਜ਼ਮੀਨੀ ਰਸਤੇ ਰਾਹੀਂ ਅਮਰੀਕਾ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਖ਼ਿਲਾਫ਼ ਜ਼ੋਰਦਾਰ ਹਮਲਾ ਕੀਤਾ ਜਾਵੇਗਾ। ਕੈਰੇਬੀਅਨ ਸਾਗਰ ‘ਚ ਅਮਰੀਕੀ ਫੌਜ ਦੇ ਅੱਠ ਜੰਗੀ ਬੇੜਿਆਂ ਸਮੇਤ ਪੀ-8 ਗਸ਼ਤੀ ਸਮੁੰਦਰੀ ਜਹਾਜ਼, ਐੱਮ ਕਿਊ-9 ਰੀਪਰ ਡਰੋਨ ਅਤੇ ਐੱਫ-35 ਫਾਈਟਰ ਸਕੂਐਡਰਨ ਮੌਜੂਦ ਹੈ। ਦੱਖਣੀ ਅਮਰੀਕਾ ਦੇ ਪਾਣੀਆਂ ‘ਚ ਇਕ ਪਣਡੁੱਬੀ ਹੋਣ ਦੀ ਵੀ ਪੁਸ਼ਟੀ ਹੋਈ ਹੈ।