#PUNJAB

ਅਮਰੀਕਾ ਤੇ ਕੈਨੇਡਾ ਭੇਜੇ ਜਾ ਰਹੇ ਪਾਰਸਲਾਂ ‘ਚੋਂ 60 ਲੱਖ ਰੁਪਏ ਤੋਂ ਵੱਧ ਦੀ ਅਫੀਮ ਬਰਾਮਦ

ਲੁਧਿਆਣਾ, 2 ਫਰਵਰੀ (ਪੰਜਾਬ ਮੇਲ)- ਡੀ.ਆਰ.ਆਈ. ਦੀ ਜ਼ੋਨਲ ਯੂਨਿਟ ਲੁਧਿਆਣਾ ਨੇ ਨਸ਼ਾ ਸਮੱਗਲਿੰਗ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ 12.118 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਅਨੁਮਾਨਿਤ ਕੀਮਤ ਕਰੀਬ 60.59 ਲੱਖ ਰੁਪਏ ਦੱਸੀ ਜਾ ਰਹੀ ਹੈ। ਵਿਭਾਗੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੀ.ਆਰ.ਆਈ. ਨੂੰ ਵਿਸ਼ੇਸ਼ ਖੁਫੀਆ ਸੂਚਨਾ ਪ੍ਰਾਪਤ ਹੋਈ ਸੀ ਕਿ ਲੁਧਿਆਣਾ ਪੰਜਾਬ ਤੋਂ ਬੁੱਕ ਕੀਤੇ ਗਏ 7 ਪਾਰਸਲ, ਜਿਨ੍ਹਾਂ ਨੂੰ ਅਮਰੀਕਾ ਅਤੇ ਕੈਨੇਡਾ ਭੇਜਿਆ ਜਾਣਾ ਸੀ, ਉਨ੍ਹਾਂ ‘ਚ ਐੱਨ.ਡੀ.ਪੀ.ਐੱਸ ਐਕਟ 1985 ਦਾ ਉਲੰਘਣ ਕਰਦੇ ਹੋਏ ਪਾਬੰਦੀਸ਼ੁੰਦਾ ਨਸ਼ੀਲੇ ਪਦਾਰਥ ਲੁਕਾ ਕੇ ਭੇਜੇ ਜਾ ਰਹੇ ਹਨ।
ਸੂਚਨਾ ਦੇ ਅਧਾਰ ‘ਤੇ ਡੀ.ਆਰ.ਆਈ. ਅਧਿਕਾਰੀਆਂ ਨੇ ਲੁਧਿਆਣਾ ਸਥਿਤ ਇਕ ਕੋਰੀਅਰ ਦਫ਼ਤਰ ‘ਚ ਇਨ੍ਹਾਂ ਪਾਰਸਲਾਂ ਨੂੰ ਰੋਕਿਆ ਅਤੇ ਉਨ੍ਹਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ। ਜਾਂਚ ਦੌਰਾਨ ਪਾਰਸਲਾਂ ‘ਚੋਂ ਕੁਲ 30 ਪੈਕੇਟ ਬਰਾਮਦ ਕੀਤੇ ਗਏ, ਜਿਨ੍ਹਾਂ ਨੂੰ ਭਾਂਡਿਆਂ ਅਤੇ ਅਡਲਟਸ ਡਾਈਪਰ ਪੈਡਸ ਦੇ ਅੰਦਰ ਬੜੀ ਚਲਾਕੀ ਨਾਲ ਲੁਕਾਇਆ ਗਿਆ ਸੀ। ਸਮੱਗਲਰਾਂ ਨੇ ਨਸ਼ੀਲੇ ਪਦਾਰਥਾਂ ਨੂੰ ਘਰੇਲੂ ਵਰਤੋਂ ਤੇ ਖਾਧ ਸਮੱਗਰੀ ਦੇ ਨਾਮ ‘ਤੇ ਵਿਦੇਸ਼ ਭੇਜਣ ਦਾ ਯਤਨ ਕੀਤਾ ਸੀ, ਤਾਂ ਕਿ ਸੁਰੱਖਿਆ ਏਜੰਸੀਆਂ ਨੂੰ ਗੁੰਮਰਾਹ ਕੀਤਾ ਜਾ ਸਕੇ। ਬਰਾਮਦ 30 ਪੈਕਟਾਂ ‘ਚ ਕੁਲ 12.118 ਕਿਲੋਗ੍ਰਾਮ ਅਫੀਮ ਪਾਈ ਗਈ, ਜਿਸ ਨੂੰ 31 ਜਨਵਰੀ ਨੂੰ ਐੱਨ.ਡੀ.ਪੀ.ਐੱਸ. ਐਕਟ 1985 ਦੇ ਪ੍ਰਾਵਧਾਨਾਂ ਤਹਿਤ ਜ਼ਬਤ ਕਰ ਲਿਆ ਗਿਆ ਹੈ। ਡੀ.ਆਰ.ਆਈ. ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਸਮੱਗਲਿੰਗ ਨਾਲ ਜੁੜੇ ਨੈੱਟਵਰਕ, ਭੇਜਣ ਵਾਲੇ ਅਤੇ ਸੰਭਾਵਿਤ ਅੰਤਰਾਸ਼ਟਰੀ ਲਿੰਕ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਨਸ਼ੇ ਦੀ ਸਮੱਗਲਿੰਗ ‘ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।