ਨਵੀਂ ਦਿੱਲੀ, 18 ਜੂਨ (ਪੰਜਾਬ ਮੇਲ)- ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅਮਰੀਕਾ ਤੇ ਕੈਨੇਡਾ ’ਚ ਮਾਰਚ ਮਹੀਨੇ ਭਾਰਤੀ ਮਿਸ਼ਨਾਂ ’ਤੇ ਖਾਲਿਸਤਾਨ ਦੇ ਹਮਾਇਤੀਆਂ ਵੱਲੋਂ ਕੀਤੇ ਗਏ ਹਮਲਿਆਂ ਦੀ ਜਾਂਚ ਆਪਣੇ ਹੱਥ ’ਚ ਲੈ ਲਈ ਹੈ। ਇਸ ਤੋਂ ਪਹਿਲਾਂ ਇਸ ਸਾਲ ਮਾਰਚ ’ਚ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਹੋਏ ਹਿੰਸਕ ਮੁਜ਼ਾਹਰਿਆਂ ਤੇ ਭੰਨਤੋੜ ਦੀ ਕੋਸ਼ਿਸ਼ ਕੀਤੇ ਜਾਣ ਦੀਆਂ ਘਟਨਾਵਾਂ ਦੀ ਜਾਂਚ ਵੀ ਐੱਨਆਈਏ ਨੂੰ ਸੌਂਪੀ ਗਈ ਸੀ। ਸੂਤਰਾਂ ਨੇ ਦੱਸਿਆ ਕਿ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਮਾਰਚ ’ਚ ਹੋਏ ਹਮਲਿਆਂ ਦੇ ਸਿਲਸਿਲੇ ’ਚ ਯੂਏਪੀਏ ਤਹਿਤ ਕੇਸ ਦਰਜ ਕੀਤੇ ਸੀ। ਉਨ੍ਹਾਂ ਦੱਸਿਆ ਕਿ ਅਮਰੀਕਾ ਤੇ ਕੈਨੇਡਾ ’ਚ ਹੋਏ ਹਮਲਿਆਂ ਦੀ ਜਾਂਚ ਹੁਣ ਐੱਨਆਈਏ ਹਵਾਲੇ ਕਰ ਦਿੱਤੀ ਗਈ ਹੈ।
ਖਾਲਿਸਤਾਨ ਹਮਾਇਤੀ ਦੇ ਗਰੁੱਪ ਨੇ ਅਮਰੀਕਾ ਦੇ ਸਾਂ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ’ਤੇ ਹਮਲਾ ਕੀਤਾ ਤੇ ਉਸ ਨੂੰ ਨੁਕਸਾਨ ਪਹੁੰਚਾਇਆ। ਪ੍ਰਦਰਸ਼ਨਕਾਰੀਆਂ ਨੇ ਆਰਜ਼ੀ ਸੁਰੱਖਿਆ ਰੋਕਾਂ ਤੋੜ ਕੇ ਕੌਂਸਲੇਟ ’ਚ ਖਾਲਿਸਤਾਨੀ ਝੰਡੇ ਲਗਾ ਦਿੱਤੇ। ਦੂਤਾਵਾਸ ਕਰਮੀਆਂ ਨੇ ਹਾਲਾਂਕਿ ਬਾਅਦ ਵਿੱਚ ਇਹ ਝੰਡੇ ਹਟਾ ਦਿੱਤੇ। ਇਸ ਘਟਨਾ ਤੋਂ ਬਾਅਦ ਭਾਰਤ ਨੇ ਨਵੀਂ ਦਿੱਲੀ ’ਚ ਅਮਰੀਕੀ ਦੂਤਾਵਾਸ ਕੋਲ ਸਖਤ ਵਿਰੋਧ ਦਰਜ ਕਰਵਾਇਆ ਸੀ। ਸਰਕਾਰ ਨੇ ਕੈਨੇਡਿਆਈ ਹਾਈ ਕਮਿਸ਼ਨਰ ਨੂੰ ਵੀ ਤਲਬ ਕੀਤਾ ਤੇ ਭਾਰਤੀ ਕੂਟਨੀਤਕ ਮਿਸ਼ਨ ਨੂੰ ਨਿਸ਼ਾਨਾ ਬਣਾਏ ਜਾਣ ਨੂੰ ਲੈ ਕੇ ਆਪਣੀ ਚਿੰਤਾ ਤੋਂ ਜਾਣੂ ਕਰਾਇਆ ਸੀ। -ਪੀਟੀਆਈ