#AMERICA

ਅਮਰੀਕਾ ਜਾਣ ਦੀ ਕੋਸ਼ਿਸ਼ ਦੌਰਾਨ ਫੜੇ ਗਏ 130 ਭਾਰਤੀਆਂ ਨੂੰ ਪਨਾਮਾ ਨੇ ਭੇਜਿਆ ਵਾਪਸ

ਵਾਸ਼ਿੰਗਟਨ, 12 ਸਤੰਬਰ (ਪੰਜਾਬ ਮੇਲ)- ਇਕ ਮਹੱਤਵਪੂਰਨ ਘਟਨਾਕ੍ਰਮ ਵਜੋਂ ਜ਼ੋਖ਼ਮ ਭਰੇ ਖ਼ਤਰਨਾਕ ਡੇਰੀਨ ਜੰਗਲ ਵਿਚ ਦੀ ਅਮਰੀਕਾ ਜਾਣ ਦੀ ਕੋਸ਼ਿਸ਼ ਦੌਰਾਨ ਕੇਂਦਰੀ ਅਮਰੀਕਾ ਦੇ ਦੇਸ਼ ਪਨਾਮਾ ਵਿਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਏ 130 ਪ੍ਰਵਾਸੀ ਭਾਰਤੀਆਂ ਨੂੰ ਵਾਪਸ ਭਾਰਤ ਭੇਜ ਦੇਣ ਦੀ ਖ਼ਬਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀਆਂ ਨੂੰ ਵਾਪਸ ਭੇਜੇ ਜਾਣ ਦੀ ਕਾਰਵਾਈ ਪਨਾਮਾ ਤੇ ਅਮਰੀਕਾ ਵਿਚਾਲੇ ਇਸ ਸਾਲ ਜੁਲਾਈ ਵਿਚ ਹੋਏ ਸਮਝੌਤੇ ਤਹਿਤ ਕੀਤੀ ਹੈ, ਜਿਸ ਸਮਝੌਤੇ ਦਾ ਉਦੇਸ਼ ਗ਼ੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣਾ ਹੈ।
ਪਨਾਮਾ ਦੇ ਇਮੀਗ੍ਰੇਸ਼ਨ ਡਾਇਰੈਕਟਰ ਰੋਜਰ ਮੋਜੀਕਾ ਨੇ ਭਾਰਤੀਆਂ ਨੂੰ ਵਾਪਸ ਭੇਜੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਭਾਰਤੀ ਨਾਗਰਿਕਾਂ ਨੂੰ ਚਾਰਟਡ ਜਹਾਜ਼ ਰਾਹੀਂ ਵਾਪਸ ਦਿੱਲੀ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਵਾਪਸ ‘ਅਨਿਯਮਿਤ ਪ੍ਰਵਾਸ’ ਕਾਰਨ ਹੋਈ ਹੈ। ਕੇਂਦਰੀ ਅਮਰੀਕਾ ਲਈ ਅਮਰੀਕੀ ਸੁਰੱਖਿਆ ਅਧਿਕਾਰੀ ਮਾਰਲਨ ਪਿਨੀਰੋ ਨੇ ਪਨਾਮਾ ਵੱਲੋਂ ਕੀਤੀ ਕਾਰਵਾਈ ਲਈ ਧੰਨਵਾਦ ਕਰਦਿਆਂ ਕਿਹਾ ਹੈ ਕਿ ਅਨਿਯਮਿਤ ਪ੍ਰਵਾਸ ਨੂੰ ਹਰ ਹਾਲਤ ਵਿਚ ਰੋਕਿਆ ਜਾਣਾ ਚਾਹੀਦਾ ਹੈ। ਇਥੇ ਜ਼ਿਕਰਯੋਗ ਹੈ ਕਿ ਡੇਰੀਨ ਰਸਤਾ ਕੋਲੰਬੀਆ ਤੇ ਪਨਾਮਾ ਵਿਚਾਲੇ ਇਕ ਬਹੁਤ ਹੀ ਖ਼ਤਰਨਾਕ ਜੰਗਲ ਵਿਚ ਦੀ ਜਾਂਦਾ ਹੈ, ਜਿਸ ਰਸਤੇ ਲੋਕ ਗ਼ੈਰ-ਕਾਨੂੰਨੀ ਢੰਗ-ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਲੋਕਾਂ ਵਿਚ ਭਾਰਤੀਆਂ ਦੀ ਗਿਣਤੀ ਸਭ ਤੋਂ ਵਧ ਹੁੰਦੀ ਹੈ।