ਵਾਸ਼ਿੰਗਟਨ, 3 ਮਾਰਚ (ਪੰਜਾਬ ਮੇਲ)- ਅਮਰੀਕਾ ਛੇਤੀ ਹੀ ਯੂਕਰੇਨ ਨੂੰ ਫੌਜੀ ਸਾਜ਼ੋ-ਸਾਮਾਨ ਦੇਣ ਲਈ ਨਵੇਂ ਪੈਕੇਜ ਦਾ ਐਲਾਨ ਕਰ ਸਕਦਾ ਹੈ। ਇਹ ਜਾਣਕਾਰੀ ਅਮਰੀਕੀ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨਵੇਂ ਸਹਾਇਤਾ ਪੈਕੇਜ ਵਿੱਚ ਅੱਠ ਬਖ਼ਤਰਬੰਦ ਵਾਹਨ ਸ਼ਾਮਲ ਹਨ, ਜੋ ਫੌਜੀਆਂ ਨੂੰ ਨਹਿਰਾਂ ਜਾਂ ਹੋਰ ਮੁਸ਼ਕਲ ਰਸਤਿਆਂ ਨੂੰ ਪਾਰ ਕਰਨ ਵਿੱਚ ਮਦਦ ਕਰਨਗੇ। ਅਧਿਕਾਰੀਆਂ ਮੁਤਾਬਕ, ਇਸ ਪੈਕੇਜ ਦੀ ਕੁੱਲ ਰਕਮ ਲਗਪਗ 40 ਕਰੋੜ ਡਾਲਰ ਹੋਵੇਗੀ। ਰੂਸ ਵੱਲੋਂ ਪਿਛਲੇ ਸਾਲ 24 ਫਰਵਰੀ ਨੂੰ ਯੂਕਰੇਨ ’ਤੇ ਹਮਲਾ ਕੀਤਾ ਗਿਆ ਸੀ। ਇਹ ਖ਼ਬਰ ਇਸ ਜੰਗ ਦੇ ਇੱਕ ਸਾਲ ਪੂਰੇ ਹੋਣ ਤੋਂ ਹਫ਼ਤੇ ਬਾਅਦ ਸਾਹਮਣੇ ਆਈ ਹੈ।