-ਪੁਲਿਸ ਅਫਸਰ ਤੇ ਇਕ ਔਰਤ ਦੀ ਹੋਈ ਮੌਤ
ਸੈਕਰਾਮੈਂਟੋ, 19 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬੋਸਟਨ ਨੇੜੇ ਇਕ ਵਿਅਕਤੀ ਵੱਲੋਂ ਇਕ ਪੁਲਿਸ ਅਫਸਰ ਤੇ ਇਕ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਪੁਲਿਸ ਅਨੁਸਾਰ ਵੇਮਾਊਥ ਦੇ ਪੁਲਿਸ ਅਫਸਰ ਮਾਈਕਲ ਚੇਸਨਾ (42) ਫੋਨ ਉਪਰ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜਾ ਤਾਂ ਇਕ ਵਿਅਕਤੀ ਇਕ ਘਰ ਦੀ ਭੰਨਤੋੜ ਕਰ ਰਿਹਾ ਸੀ। ਚੇਸਨਾ ਨੇ ਆਪਣੀ ਗੰਨ ਕੱਢ ਕੇ ਉਸ ਵਿਅਕਤੀ ਨੂੰ ਰੁੱਕ ਜਾਣ ਲਈ ਕਿਹਾ। ਨੋਰਫੋਲਕ ਕਾਊਂਟੀ ਅਸਿਸਟੈਂਟ ਡਿਸਟ੍ਰਿਕਟ ਅਟਰਾਨੀ ਗਰੇਗ ਕੋਨਰ ਅਨੁਸਾਰ ਈਮੈਨੂਏਲ ਲੋਪਸ ਨਾਮੀ ਵਿਅਕਤੀ ਨੇ ਰੁਕਣ ਦੀ ਬਜਾਏ ਇਕ ਪੱਥਰ ਚੇਸਨਾ ਦੇ ਮਾਰਿਆ, ਜੋ ਉਸ ਦੇ ਸਿਰ ਵਿਚ ਵੱਜਾ। ਬਾਅਦ ਵਿਚ ਸ਼ੱਕੀ ਲੋਪਸ ਨੇ ਚੇਸਨਾ ਦੀ ਗੰਨ ਲੈ ਕੇ ਪੁਲਿਸ ਅਫਸਰ ਦੇ ਸਿਰ ਤੇ ਛਾਤੀ ਵਿਚ ਕਈ ਗੋਲੀਆਂ ਮਾਰੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸ਼ੱਕੀ ਲੋਪਸ ਵੱਲੋਂ ਚਲਾਈਆਂ ਗੋਲੀਆਂ ਨਾਲ ਘਰ ਵਿਚ ਮੌਜੂਦ ਇਕ ਹੋਰ ਔਰਤ ਵੀ ਮਾਰੀ ਗਈ। ਕੋਨਰ ਨੇ ਕਿਹਾ ਕਿ ਮੌਕੇ ‘ਤੇ ਪੁੱਜੇ ਹੋਰ ਪੁਲਿਸ ਅਫਸਰਾਂ ਵੱਲੋਂ ਚਲਾਈ ਗੋਲੀ ਨਾਲ ਸ਼ੱਕੀ ਲੋਪਸ ਵੀ ਜ਼ਖਮੀ ਹੋ ਗਿਆ, ਜਿਸ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਹਸਪਤਾਲ ਦਾਖਲ ਕਰਵਾਇਆ ਹੈ। ਕੋਨਰ ਨੇ ਕਿਹਾ ਕਿ ਸ਼ੱਕੀ ਦੀ ਲੱਤ ਵਿਚ ਗੋਲੀ ਵੱਜੀ ਹੈ ਤੇ ਉਸ ਦੀ ਹਾਲਤ ਸਥਿਰ ਹੈ। ਵੇਮਾਊਥ ਦੇ ਪੁਲਿਸ ਮੁਖੀ ਰਿਚਰਡ ਗ੍ਰਿਮਜ ਨੇ ਦੱਸਿਆ ਕਿ ਚੇਸਨਾ ਦੇ 4 ਤੇ 9 ਸਾਲ ਦੇ ਦੋ ਬੱਚੇ ਹਨ। ਪੁਲਿਸ ਵਿਚ ਭਰਤੀ ਹੋਣ ਤੋਂ ਪਹਿਲਾਂ ਉਹ ਫੌਜ ਵਿਚ ਨੌਕਰੀ ਕਰਦਾ ਸੀ।