#AMERICA

ਅਮਰੀਕਾ ‘ਚ Indian ਡਾਂਸਰ ਦੀ ਅਣਪਛਾਤੇ ਹਮਲਾਵਰ ਵੱਲੋਂ ਗੋਲੀਆਂ ਮਾਰ ਕੇ ਹੱਤਿਆ

– ਅਯੁੱਧਿਆ ਫਾਊਂਡੇਸ਼ਨ ਦਾ ਸੰਸਥਾਪਕ ਸੀ ਘੋਸ਼
ਸੈਕਰਾਮੈਂਟੋ, 4 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ ਡਾਂਸਰ ਅਮਰਨਾਥ ਘੋਸ਼ ਜੋ ਵਾਸ਼ਿੰਗਟਨ ਯੂਨੀਵਰਸਿਟੀ ਵਿਖੇ ਪੀ.ਐੱਚ.ਡੀ. ਕਰ ਰਿਹਾ ਸੀ, ਦੀ ਸੇਂਟ ਲੋਇਸ, ਮਿਸੋਰੀ ਵਿਚ ਉਸ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦੋਂ ਉਹ ਸ਼ਾਮ ਦੀ ਸੈਰ ਕਰ ਰਿਹਾ ਸੀ। ਮੁੱਢਲੀਆਂ ਰਿਪੋਰਟਾਂ ਅਨੁਸਾਰ ਅਣਪਛਾਤੇ ਹਮਲਾਵਰ ਨੇ ਘੋਸ਼ ਦੇ ਕਈ ਗੋਲੀਆਂ ਮਾਰੀਆਂ। ਹਾਲਾਂਕਿ ਇਸ ਸਬੰਧੀ ਅਜੇ ਤੱਕ ਪੁਲਿਸ ਦਾ ਕੋਈ ਬਿਆਨ ਨਹੀਂ ਆਇਆ ਹੈ ਪਰੰਤੂ ਸੋਸ਼ਲ ਮੀਡੀਆ ਉਪਰ ਮੀਨਾਕਸ਼ੀ ਸ਼ਰਨ ਵੱਲੋਂ ਪਾਈ ਇਕ ਪੋਸਟ ਵਿਚ ਕਿਹਾ ਗਿਆ ਹੈ ਕਿ ”ਅਯੁੱਧਿਆ ਫਾਊਂਡੇਸ਼ਨ ਦੇ ਸੰਸਥਾਪਕ ਡਾਂਸਰ ਅਮਰਨਾਥ ਘੋਸ਼ ਨੂੰ ਸੇਂਟ ਲੋਇਸ, ਮਿਸੋਰੀ ਵਿਚ ਗੋਲੀ ਮਾਰ ਦਿੱਤੀ ਗਈ ਹੈ। ਪਰਿਵਾਰ ਦੇ ਇਕੋ ਇਕ ਬੱਚੇ ਨੇ ਬਹੁਤ ਹੀ ਛੋਟੀ ਉਮਰ ਵਿਚ ਆਪਣਾ ਪਿਤਾ ਸਦਾ ਲਈ ਗਵਾ ਲਿਆ ਹੈ, ਜਿਸ ਦੀ ਮਾਂ ਦੀ 3 ਸਾਲ ਪਹਿਲਾਂ ਹੀ ਮੌਤ ਹੋ ਗਈ ਸੀ।” ਕੋਲਕਤਾ ਵਾਸੀ ਟੀ.ਵੀ. ਅਦਾਕਾਰਾ ਤੇ ‘ਬਿੱਗ ਬੌਸ’ ਕਲਾਕਾਰ ਡੀਵੋਲੀਨਾ ਭੱਟਾਚਾਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਮਿੱਤਰ ਘੋਸ਼ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿਚ ਮਦਦ ਕੀਤੀ ਜਾਵੇ।