-ਗੋਲੀ ਸਿਰ ਵਿਚ ਮਾਰੀ ਗਈ; ਡਾਕਟਰਾਂ ਨੇ ਕੀਤੀ ਪੁਸ਼ਟੀ
ਸੈਕਰਾਮੈਂਟੋ, 11 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਵਿਚ ਵਰਮਾਊਂਟ ਸਟੇਟ ਯੂਨੀਵਰਸਿਟੀ ਦੀ ਇਕ ਸੇਵਾਮੁਕਤ ਡੀਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਡੀਨ 77 ਸਾਲਾ ਆਨੋਰੀ ਫਲੇਮਿੰਗ ਦੀ ਵਰਮਾਊਂਟ ਸਟੇਟ ਯੁਨੀਵਰਸਿਟੀ ਕੈਲਸਟਨ ਕੈਂਪਸ ਨੇੜੇ ਹੱਤਿਆ ਕੀਤੀ ਗਈ, ਜਿਥੇ ਉਸ ਨੇ ਕੰਮ ਕੀਤਾ ਤੇ ਸਿੱਖਿਆ ਦੇ ਖੇਤਰ ‘ਚ ਅਗਵਾਈ ਕੀਤੀ। ਵਰਮਾਊਂਟ ਸਟੇਟ ਪੁਲਿਸ ਅਨੁਸਾਰ ਸਮਝਿਆ ਜਾਂਦਾ ਹੈ ਕਿ ਆਨੋਰੀ ਫਲੇਮਿੰਗ ਜੋ ਪੁਲੀਟਜ਼ਰ ਪੁਰਸਕਾਰ ਜੇਤੂ ਲੇਖਿਕ ਰੋਨ ਪਾਵਰਜ ਦੀ ਪਤਨੀ ਸੀ, ਯੂਨੀਵਰਸਿਟੀ ਕੈਂਪਸ ਨੇੜੇ ਲੱਗਦੇ ਹਾਈਕਿੰਗ ਟਰੇਲ ਉਪਰ ਪਰ ਸ਼ਾਮ 4 ਵਜੇ ਦੇ ਆਸ-ਪਾਸ ਪਹੁੰਚੀ ਤੇ ਇਸ ਉਪਰੰਤ ਇਕ ਘੰਟੇ ਦੇ ਵੀ ਘੱਟ ਸਮੇਂ ਵਿਚ ਉਹ ਮ੍ਰਿਤਕ ਹਾਲਤ ਵਿਚ ਮਿਲੀ। ਪੁਲਿਸ ਅਨੁਸਾਰ ਉਸ ਦੇ ਸਿਰ ‘ਚ ਗੋਲੀ ਮਾਰੀ ਗਈ। ਡਾਕਟਰਾਂ ਨੇ ਇਸ ਗੱਲੀ ਦੀ ਪੁਸ਼ਟੀ ਕੀਤੀ ਹੈ ਕਿ ਫਲੇਮਿੰਗ ਦੇ ਸਿਰ ਵਿਚ ਗੋਲੀ ਦਾ ਜ਼ਖਮ ਹੈ। ਪੁਲਿਸ ਇਸ ਹਰਮਨ ਪਿਆਰੀ ਸਿੱਖਿਆ ਸ਼ਾਸ਼ਤਰੀ ਦੇ ਕਾਤਲ ਦੀ ਭਾਲ ਵਿਚ ਹੈ। ਅਜੇ ਤੱਕ ਇਸ ਮਾਮਲੇ ਵਿਚ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਅਚਨਚੇਤ ਵਾਪਰੀ ਘਟਨਾ ਵੀ ਹੋ ਸਕਦੀ ਹੈ ਤੇ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਇਹ ਹੱਤਿਆ ਗਿਣਮਿੱਥ ਕੇ ਕੀਤੀ ਗਈ ਹੋਵੇ। ਵਰਮਾਊਂਟ ਸਟੇਟ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸ਼ੱਕੀ ਹੱਥਿਆਰਬੰਦ ਹੈ ਤੇ ਉਹ ਹੋਰਨਾਂ ਲਈ ਵੀ ਖਤਰਨਾਕ ਹੋ ਸਕਦਾ ਹੈ। ਇਸ ਲਈ ਲੋਕ ਚੌਕਸ ਰਹਿਣ ਤੇ ਕਿਸੇ ਵੀ ਸ਼ੱਕੀ ਵਿਅਕਤੀ ਬਾਰੇ ਪਤਾ ਲੱਗਣ ‘ਤੇ ਤੁਰੰਤ ਪੁਲਿਸ ਨਾਲ ਸੰਪਰਕ ਕਰਨ।