* ਵਕੀਲ ਨੇ ਕਾਲਿਆਂ ਨਾਲ ਭੇਦਭਾਵ ਕਰਨ ਦੇ ਲਾਏ ਦੋਸ਼
ਸੈਕਰਾਮੈਂਟੋ, 10 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸ਼ਿਕਾਗੋ ਪਬਲਿਕ ਸਕੂਲਜ਼ ਵੱਲੋਂ 2022-2023 ਵਿਦਿਅਕ ਸਾਲ ਦੌਰਾਨ 7 ਕਾਲੇ ਪ੍ਰਿੰਸੀਪਲਾਂ ਨੂੰ ਬਰਖਾਸਤ ਕਰਨ ਦਾ ਮਾਮਲਾ ਗਰਮਾ ਗਿਆ ਹੈ ਤੇ ਕਾਲਿਆਂ ਨਾਲ ਭੇਦਭਾਵ ਕਰਨ ਦੇ ਦੋਸ਼ ਲਾਏ ਜਾ ਰਹੇ ਹਨ। ਪ੍ਰਿੰਸੀਪਲ ਅਬਦੁਲ ਮੁਹੰਮਦ, ਪ੍ਰਿੰਸੀਪਲ ਗੇਰਾਲਡ ਮੋਰੋ ਤੇ ਪ੍ਰਿੰਸੀਪਲ ਕਿੰਬਰਲੀ ਗਿਬਸਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਹਟਾਇਆ ਗਿਆ ਹੈ। ਪ੍ਰਿੰਸੀਪਲਾਂ ਦੇ ਮਨੁੱਖੀ ਹੱਕਾਂ ਬਾਰੇ ਵਕੀਲ ਬੈਂਜਾਮਿਨ ਕਰੰਪ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਇਹ ਕਾਲਿਆਂ ਨਾਲ ਭੇਦਭਾਵ ਕਰਨ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਵਾਰ ਕੋਈ ਗੱਲ ਹੋਵੇ, ਤਾਂ ਉਸ ਨੂੰ ਘਟਨਾ ਕਿਹਾ ਜਾਂਦਾ ਹੈ, ਜੇਕਰ ਦੂਸਰੀ ਵਾਰ ਵਾਪਰੇ ਤਾਂ ਸੰਜੋਗਵੱਸ ਵਾਪਰੀ ਘਟਨਾ ਹੋ ਸਕਦੀ ਹੈ ਪਰੰਤੂ ਜੇਕਰ ਉਹ ਹੀ ਗੱਲ ਤਿੰਨ, ਚਾਰ, ਪੰਜ, ਛੇ ਤੇ ਸੱਤ ਵਾਰ ਵਾਪਰੇ, ਤਾਂ ਉਸ ਨੂੰ ਕਾਲਿਆਂ ਵਿਰੁੱਧ ਭੇਦਭਾਵ ਦਾ ਰੁਝਾਨ ਤੇ ਅਮਲ ਹੀ ਕਿਹਾ ਜਾਵੇਗਾ। ਕਰੰਪ ਨੇ ਚੁਣੇ ਹੋਏ ਪ੍ਰਤੀਨਿੱਧੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦਖਲ ਦੇ ਕੇ ਪ੍ਰਿੰਸੀਪਲਾਂ ਨੂੰ ਨਿਆਂ ਦਿਵਾਉਣ। ਸ਼ਿਕਾਗੋ ਪਿੰਸੀਪਲਜ ਐਂਡ ਐਡਮਨਿਸਟ੍ਰੇਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਟੋਰੀ ਲਾਰਾਵੀਰ ਨੇ ਸਕੂਲ ਡਿਸਟ੍ਰਿਕਟ ਤੋਂ ਸਰਕਾਰੀ ਤੌਰ ‘ਤੇ ਮੁਆਫੀ ਮੰਗਣ ਤੇ ਪ੍ਰਿੰਸੀਪਲਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਨੇ ਯੂ.ਐੱਸ. ਡਿਪਾਰਟਮੈਂਟ ਆਫ ਜਸਟਿਸ ਸਿਵਲ ਰਾਈਟਸ ਡਵੀਜਨ ਤੇ ਮੇਅਰ ਦੇ ਦਫਤਰ ਤੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।