#AMERICA

ਅਮਰੀਕਾ ‘ਚ 2024-25 ਦੇ ਸੈਸ਼ਨ ‘ਚ ਰਿਕਾਰਡ 5.20 ਲੱਖ ਭਾਰਤੀ Students ਹੋਣਗੇ ਦਾਖਲ

-ਯੂਨੀਵਰਸਿਟੀਆਂ ‘ਚ ਖਾਲੀ ਸੀਟਾਂ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕੋਟਾ ਵਧਿਆ
– ਭਾਰਤੀ ਵਿਦਿਆਰਥੀ ਲੈ ਰਹੇ ਲਾਹਾ  
ਨਿਊਯਾਰਕ, 22 ਮਈ (ਪੰਜਾਬ ਮੇਲ)- ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਦਾ ਦਬਦਬਾ ਵੱਧਦਾ ਜਾ ਰਿਹਾ ਹੈ। ਅਗਸਤ-ਸਤੰਬਰ ਤੋਂ ਸ਼ੁਰੂ ਹੋਣ ਵਾਲੇ 2024-25 ਦੇ ਸੈਸ਼ਨ ‘ਚ ਰਿਕਾਰਡ 5.20 ਲੱਖ ਭਾਰਤੀ ਵਿਦਿਆਰਥੀ ਦਾਖਲ ਹੋਣਗੇ। ਇਹ 2023-24 ਦੇ ਮੁਕਾਬਲੇ 1 ਲੱਖ 80 ਹਜ਼ਾਰ, ਯਾਨੀ 53 ਫੀਸਦੀ ਜ਼ਿਆਦਾ ਹੋਵੇਗਾ। ਰਿਪੋਰਟ ਅਨੁਸਾਰ 2023-24 ਵਿਚ ਭਾਰਤੀ ਵਿਦਿਆਰਥੀ ਅਮਰੀਕਾ ਵਿਚ ਪੜ੍ਹ ਰਹੇ ਕੁੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਲਗਭਗ ਇੱਕ ਚੌਥਾਈ ਬਣ ਗਏ। ਅਮਰੀਕਾ ‘ਚ ਵਿਦੇਸ਼ੀ ਵਿਦਿਆਰਥੀਆਂ ‘ਚ ਸਭ ਤੋਂ ਜ਼ਿਆਦਾ ਭਾਰਤੀ ਹਨ। ਇੱਥੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 2030 ਤੱਕ ਵਧ ਕੇ 10 ਲੱਖ ਹੋ ਜਾਵੇਗੀ। ਭਾਰਤੀ ਵਿਦਿਆਰਥੀ ਅਮਰੀਕੀ ਯੂਨੀਵਰਸਿਟੀਆਂ ਲਈ ਆਮਦਨ ਦਾ ਸਭ ਤੋਂ ਵੱਡਾ ਸਰੋਤ ਹਨ। ਭਾਰਤੀ ਵਿਦਿਆਰਥੀ ਯੂਨੀਵਰਸਿਟੀਆਂ ਦੁਆਰਾ ਪ੍ਰਾਪਤ ਫੀਸਾਂ ਦਾ 20 ਫੀਸਦੀ ਅਦਾ ਕਰਦੇ ਹਨ।
ਉੱਚ ਸਿੱਖਿਆ ਪ੍ਰਤੀ ਅਮਰੀਕੀ ਵਿਦਿਆਰਥੀਆਂ ਵਿਚ ਝਿਜਕ ਹੈ। ਵਾਲ ਸਟਰੀਟ ਅਤੇ ਸ਼ਿਕਾਗੋ ਯੂਨੀਵਰਸਿਟੀ ਦੀਆਂ ਰਿਪੋਰਟਾਂ ਅਨੁਸਾਰ 10 ਸਾਲਾਂ ਵਿਚ ਅਮਰੀਕੀ ਵਿਦਿਆਰਥੀਆਂ ਦੇ ਦਾਖਲੇ ਵਿਚ 16 ਫੀਸਦੀ ਦੀ ਗਿਰਾਵਟ ਆਈ ਹੈ। ਜਦੋਂਕਿ ਇਸ ਸਮੇਂ ਦੌਰਾਨ ਅਮਰੀਕਾ ਦੀ ਆਬਾਦੀ ਵਿਚ 8 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਰਿਪੋਰਟ ਅਨੁਸਾਰ 2030 ਤੱਕ ਅਮਰੀਕੀ ਵਿਦਿਆਰਥੀਆਂ ਦੇ ਦਾਖਲੇ ਵਿਚ 30 ਫੀਸਦੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਬਾਇਡਨ ਸਰਕਾਰ ਵੱਲੋਂ ਵਿਦਿਆਰਥੀ ਸ਼੍ਰੇਣੀ ਐੱਫ ਅਤੇ ਐੱਮ ਵੀਜ਼ਿਆਂ ਲਈ ਅਰਜ਼ੀਆਂ ਹੁਣ ਇਕ ਸਾਲ ਪਹਿਲਾਂ ਦਿੱਤੀਆਂ ਜਾ ਸਕਦੀਆਂ ਹਨ। ਇਸ ਨਾਲ ਵਿਦਿਆਰਥੀਆਂ ਨੂੰ ਅਮਰੀਕਾ ਦਾ ਵੀਜ਼ਾ ਮਿਲਣ ਦੀ ਗਾਰੰਟੀ ਹੋ ਜਾਂਦੀ ਹੈ। ਦੋ ਸਾਲ ਪਹਿਲਾਂ ਤੱਕ ਵਿਦਿਆਰਥੀਆਂ ਨੂੰ 3 ਮਹੀਨੇ ਪਹਿਲਾਂ ਅਪਲਾਈ ਕਰਨਾ ਪੈਂਦਾ ਸੀ। ਅਜਿਹੇ ‘ਚ ਵੀਜ਼ਾ ਨੂੰ ਲੈ ਕੇ ਵਿਦਿਆਰਥੀਆਂ ‘ਚ ਅਨਿਸ਼ਚਿਤਤਾ ਬਣੀ ਰਹਿੰਦੀ ਸੀ।