#AMERICA

ਅਮਰੀਕਾ ‘ਚ 20 ਸਾਲਾ Indian Student ਦੀ ਹੱਤਿਆ

ਨਿਊਯਾਰਕ, 18 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ ਇਕ 20 ਸਾਲਾ ਭਾਰਤੀ ਵਿਦਿਆਰਥੀ ਦੀ ਹੱਤਿਆ ਕੀਤੇ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। 20 ਸਾਲਾ ਵਿਦਿਆਰਥੀ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲਈ ਅਮਰੀਕਾ ਆਇਆ ਸੀ ਪਰ ਉਸ ਦੀ ਹੱਤਿਆ ਕਰ ਦਿੱਤੀ ਗਈ। ਆਪਣੇ ਇੱਕਲੌਤੇ ਪੁੱਤਰ ਨੂੰ ਗੁਆਉਣ ਤੋਂ ਬਾਅਦ ਪਰਿਵਾਰ ਸਦਮੇ ਵਿਚ ਹੈ। ਉਸ ਦਾ ਕਤਲ ਕਰਨ ਤੋਂ ਬਾਅਦ ਕਾਤਲਾਂ ਨੇ ਉਸ ਦੀ ਲਾਸ਼ ਨੂੰ ਕਾਰ ਵਿਚ ਪਾ ਜੰਗਲ ਵਿਚ ਹੀ ਛੱਡ ਦਿੱਤਾ। ਅਭਿਜੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਚੂਰੀ ਅਭਿਜੀਤ ਨਾਂ ਦਾ ਇਹ ਨੌਜਵਾਨ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ।
ਪਰਿਵਾਰ ਮੁਤਾਬਕ ਉਹ ਬੋਸਟਨ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਮੰਨਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਕਿਸੇ ਹੋਰ ਵਿਦਿਆਰਥੀ ਨਾਲ ਝਗੜੇ ਵਿਚ ਹੋਈ ਹੈ। ਉਸਦੀ ਮਾਂ ਉਚੇਰੀ ਪੜ੍ਹਾਈ ਲਈ ਉਸ ਨੂੰ ਅਮਰੀਕਾ ਭੇਜਣ ਲਈ ਪਹਿਲਾਂ ਤਿਆਰ ਨਹੀਂ ਸੀ ਪਰ ਬੇਟੇ ਦਾ ਭਵਿੱਖ ਸੁਧਾਰਨ ਲਈ ਉਸ ਨੂੰ ਅਮਰੀਕਾ ਭੇਜ ਦਿੱਤਾ। ਸੂਤਰਾਂ ਦੇ ਮੁਤਾਬਕ ਪਰਚੂਰੀ ਅਭਿਜੀਤ ਨੇ ਬੋਸਟਨ ਯੂਨੀਵਰਸਿਟੀ ਦੇ ਇਕ ਕਾਲਜ ‘ਚ ਇੰਜੀਨੀਅਰਿੰਗ ‘ਚ ਦਾਖਲਾ ਲਿਆ ਸੀ। ਹੁਣ ਜਦੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ, ਤਾਂ ਭਾਰਤ ਵਿਚ ਪਰਿਵਾਰ ਸਦਮੇ ਵਿਚ ਹੈ।
ਪੁਲਿਸ ਮੁਤਾਬਕ ਇਸ ਗੱਲ ਦੀ ਸੰਭਾਵਨਾ ਹੈ ਕਿ ਅਭਿਜੀਤ ਦਾ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਹੈ। ਪੁਲਿਸ ਨੇ ਮੋਬਾਈਲ ਫੋਨ ਦੇ ਸਿਗਨਲ ਦੇ ਆਧਾਰ ‘ਤੇ ਜੰਗਲ ਵਿਚੋਂ ਲਾਸ਼ ਬਰਾਮਦ ਕੀਤੀ। ਹਾਲਾਂਕਿ ਇਹ ਕਤਲ ਕੈਂਪਸ ਦੇ ਅੰਦਰ ਹੀ ਹੋਣ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਿਸੇ ਹੋਰ ਵਿਦਿਆਰਥੀ ਨਾਲ ਲੜਾਈ ਹੋਈ ਹੋ ਸਕਦੀ ਹੈ। ਅਮਰੀਕਾ ਵਿਚ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਪਰਚੂਰੀ ਅਭਿਜੀਤ ਦੀ ਦੇਹ ਨੂੰ ਆਂਧਰਾ ਪ੍ਰਦੇਸ਼ ਵਾਪਸ ਲਿਆਂਦੀ ਗਈ।
ਦੱਸਣਯੋਗ ਹੈ ਕਿ ਅਮਰੀਕਾ ਵਿਚ ਭਾਰਤੀ ਨੌਜਵਾਨਾਂ ਦੇ ਖ਼ਿਲਾਫ਼ ਅਪਰਾਧ ਵਿਚ ਵਾਧਾ ਹੋਇਆ ਹੈ। ਸਾਲ 2024 ਵਿਚ ਹੁਣ ਤੱਕ 9 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਦੋ ਨੇ ਆਪਣੀ ਜਾਨ ਲੈ ਲਈ, ਦੋ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਦੋ ਲਾਪਤਾ ਹੋਣ ਤੋਂ ਬਾਅਦ ਮਰੇ ਹੋਏ ਪਾਏ ਗਏ, ਇੱਕ ਦੀ ਦੁਰਘਟਨਾ ਵਿਚ ਮੌਤ ਹੋ ਗਈ ਅਤੇ ਇੱਕ ਦਾ ਕਤਲ ਹੋ ਗਿਆ। ਅਮਰੀਕਾ ਤੋਂ ਇਲਾਵਾ ਕੈਨੇਡਾ ਵੀ ਅਜਿਹਾ ਦੇਸ਼ ਹੈ, ਜਿੱਥੇ ਸਭ ਤੋਂ ਵੱਧ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਹੋਈਆ ਹਨ। ਕੈਨੇਡਾ ਵਿਚ ਬਹੁਤ ਸਾਰੇ ਭਾਰਤੀਆਂ ਨੇ ਤਣਾਅ ਅਤੇ ਅਨਿਸ਼ਚਿਤਤਾ ਕਾਰਨ ਆਪਣੀ ਜ਼ਿੰਦਗੀ ਛੋਟੀ ਕਰ ਲਈ ਹੈ। ਹਾਦਸਿਆਂ ਕਾਰਨ ਕਈ ਹੋਰ ਵਿਦਿਆਰਥੀਆਂ ਦੀ ਮੌਤਾਂ ਹੋ ਚੁੱਕੀਆ ਹਨ।