ਸੈਕਰਾਮੈਂਟੋ, 7 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਲੰਘੇ ਸੋਮਵਾਰ ਨਿਊ ਯਾਰਕ ਸ਼ਹਿਰ ਦੇ ਦੋ ਪੁਲਿਸ ਅਫਸਰਾਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦੇਣ ਵਾਲੇ ਇਕ ਬਿਨਾਂ ਦਸਤਾਵੇਜ਼ ਗੈਰਕਾਨੂੰਨੀ ਪ੍ਰਵਾਸੀ ਬਰਨਾਰਡੋ ਰੌਲ ਕੈਸਟਰੋ ਮਾਟਾ ਦਾ ਇਕ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਇਕ ਅਦਾਲਤ ਨੇ ਇਮੀਗ੍ਰੇਸ਼ਨ ਕੇਸ ਰੱਦ ਕਰ ਦਿੱਤਾ ਸੀ। ਇਹ ਜਾਣਕਾਰੀ ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਨੇ ਦਿੱਤੀ ਹੈ। ਪੁਲਿਸ ਅਨੁਸਾਰ ਬਰਨਾਰਡੋ ਰੌਲ ਕੈਸਟਰੋ ਮਾਟਾ (19) ਵੈਂਜੂਏਲਾ ਦਾ ਨਾਗਰਿਕ ਹੈ ਤੇ ਉਸ ਨੇ ਕੂਈਨਜ਼ ਵਿਚ ਦੋ ਪੁਲਿਸ ਅਫਸਰਾਂ ਉਪਰ ਉਸ ਵੇਲੇ ਗੋਲੀਆਂ ਚਲਾ ਦਿੱਤੀਆਂ ਸਨ, ਜਦੋਂ ਉਸ ਨੂੰ ਪੁਲਿਸ ਅਫਸਰਾਂ ਨੇ ਰੋਕਣ ਦਾ ਯਤਨ ਕੀਤਾ ਸੀ। ਪੁਲਿਸ ਅਨੁਸਾਰ ਉਸ ਵੇਲੇ ਕਾਸਟਰੋ ਮਾਟਾ ਗਲਤ ਦਿਸ਼ਾ ਵੱਲ ਸਕੂਟਰ ਉਪਰ ਜਾ ਰਿਹਾ ਸੀ। ਪੁਲਿਸ ਦੀ ਜਵਾਬੀ ਕਾਰਵਾਈ ‘ਚ ਉਸ ਦੀ ਲੱਤ ਵਿਚ ਗੋਲੀ ਵੱਜੀ ਸੀ। ਪੁਲਿਸ ਅਨੁਸਾਰ ਉਸ ਦੇ ਛੇਤੀ ਠੀਕ ਹੋ ਜਾਣ ਦੀ ਸੰਭਾਵਨਾ ਹੈ। ਆਈ.ਸੀ.ਈ. ਇਨਫੋਰਸਮੈਂਟ ਐਂਡ ਰਿਮੂਵਲ ਆਪਰੇਸ਼ਨ ਨਿਊਯਾਰਕ ਨੇ ਕਿਹਾ ਹੈ ਕਿ ਕਾਸਟਰੋ ਮਾਟਾ ਪਿਛਲੇ ਸਾਲ ਜੁਲਾਈ ‘ਚ ਈਗਲ ਪਾਸ, ਟੈਕਸਾਸ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਇਆ ਸੀ। ਉਸ ਨੂੰ ਫੜ ਲਿਆ ਗਿਆ ਸੀ ਤੇ ਰਿਹਾਈ ਵੇਲੇ ਉਸ ਨੂੰ ਆਦੇਸ਼ ਦਿੱਤਾ ਸੀ ਕਿ ਉਹ ਆਪਣਾ ਕੇਸ ਇਮੀਗ੍ਰੇਸ਼ਨ ਅਦਾਲਤ ਵਿਚ ਪੇਸ਼ ਕਰੇ, ਜਿਥੇ ਅਦਾਲਤ ਨੇ ਉਸ ਦਾ ਕੇਸ ਰੱਦ ਕਰ ਦਿੱਤਾ ਸੀ। ਗੋਲੀਬਾਰੀ ਤੋਂ ਬਾਅਦ ਕਾਸਟਰੋ ਮਾਟਾ ਪੁਲਿਸ ਹਿਰਾਸਤ ਵਿਚ ਹੈ।