ਸੈਕਰਾਮੈਂਟੋ, 25 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪਿਛਲੇ ਮਹੀਨੇ ਮਾਰਚ ਵਿਚ ਅਮਰੀਕੀ ਯੂਨੀਵਰਸਿਟੀ ਵਿਚ ਪੜ੍ਹ ਰਹੇ ਫਸਟ ਯੀਅਰ ਦੇ ਵਿਦਿਆਰਥੀ ਦੀ ਹੋਈ ਮੌਤ ਦਾ ਸਬੰਧ ਸੰਭਾਵੀ ਤੌਰ ‘ਤੇ ਆਨ ਲਾਈਨ ਗੇਮ ”ਬਲਿਊ ਵੇਲ ਚੈਲੰਜ” ਜਿਸ ਨੂੰ ”ਸੂਸਾਈਡ ਗੇਮ” ਵੀ ਕਿਹਾ ਜਾਂਦਾ ਹੈ, ਨਾਲ ਹੋ ਸਕਦਾ ਹੈ। 20 ਸਾਲਾ ਵਿਦਿਆਰਥੀ ਜਿਸ ਦੇ ਪਰਿਵਾਰ ਦੀ ਇੱਛਾ ਅਨੁਸਾਰ ਉਸ ਦਾ ਨਾਂ ਇਥੇ ਨਹੀਂ ਲਿਖਿਆ ਜਾ ਰਿਹਾ, ਯੂਨੀਵਰਸਿਟੀ ਆਫ ਮੈਸਾਚੂਸੈਟਸ ਵਿਚ ਪਹਿਲੇ ਸਾਲ ਦਾ ਵਿਦਿਆਰਥੀ ਸੀ, ਜੋ ਪਿਛਲੇ ਮਹੀਨੇ 8 ਮਾਰਚ ਨੂੰ ਮ੍ਰਿਤਕ ਹਾਲਤ ਵਿਚ ਮਿਲਿਆ ਸੀ। ਬ੍ਰਿਸਟਲ ਕਾਊਂਟੀ ਡਿਸਟ੍ਰਿਕਟ ਅਟਰਾਨੀ ਦੇ ਬੁਲਾਰੇ ਗਰੇਗ ਮਿਲੋਟ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ‘ਪ੍ਰਤੱਖ ਆਤਮਹੱਤਿਆ’ ਨੂੰ ਮੁੱਖ ਰੱਖ ਕੇ ਕੀਤੀ ਗਈ ਹੈ। ”ਬਲਿਊ ਵੇਲ ਚੈਲੰਜ” ਇਕ ਆਨਲਾਈਨ ਗੇਮ ਹੈ, ਜਿਸ ਵਿਚ ਹਿੱਸਾ ਲੈਣ ਵਾਲੇ ਨੂੰ ਜ਼ੁਰੱਅਤ ਵਿਖਾਉਣ ਲਈ ਉਕਸਾਇਆ ਜਾਂਦਾ ਹੈ। ਸਰਕਾਰੀ ਸੂਤਰਾਂ ਅਨੁਸਾਰ ਭਾਰਤੀ ਵਿਦਿਆਰਥੀ ਦੀ ਚੁਣੌਤੀ 2 ਮਿੰਟ ਲਈ ਸਾਹ ਰੋਕਣ ਦੀ ਸੀ, ਜੋ ਉਸ ਦੀ ਮੌਤ ਦਾ ਕਾਰਨ ਬਣੀ ਹੋ ਸਕਦੀ ਹੈ। ਭਾਰਤੀ ਵਿਦਿਆਰਥੀ ਦੀ ਮੌਤ ਆਨਲਾਈਨ ਗੇਮ ਨਾਲ ਹੋਣ ਬਾਰੇ ਪੁੱਛੇ ਜਾਣ ‘ਤੇ ਮਿਲੋਟ ਨੇ ਕਿਹਾ ਕਿ ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਮਾਮਲੇ ਦੀ ਜਾਂਚ ਖੁਦਕੁਸ਼ੀ ਦੇ ਨਜ਼ਰੀਏ ਤੋਂ ਹੋਈ ਹੈ। ਮਾਮਲੇ ਨੂੰ ਬੰਦ ਕਰਨ ਤੋਂ ਪਹਿਲਾਂ ਡਾਕਟਰੀ ਜਾਂਚ ਦੀ ਅੰਤਿਮ ਰਿਪੋਰਟ ਦੀ ਉਡੀਕੀ ਕੀਤੀ ਜਾ ਰਹੀ ਹੈ।
ਕੈਪਸ਼ਨ
ਬਲਿਊ ਵੇਲ ਗੇਮ