#AMERICA

ਅਮਰੀਕਾ ‘ਚ ਹੋਈ ਗੋਲੀਬਾਰੀ ‘ਚ 3 ਜ਼ਖਮੀ

-ਸ਼ੱਕੀ ਦੋਸ਼ੀ ਵੀ ਗੋਲੀ ਵੱਜਣ ਕਾਰਨ ਹੋਇਆ ਜ਼ਖਮੀ; ਕੀਤਾ ਗ੍ਰਿਫਤਾਰ
ਸੈਕਰਾਮੈਂਟੋ, 13 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੀ ਡਾਊਨਟਾਊਨ ਐਟਲਾਂਟਾ ਫੂਡ ਕੋਰਟ ਵਿਚ ਬੀਤੇ ਦਿਨੀਂ ਹੋਈ ਗੋਲੀਬਾਰੀ ਵਿਚ 3 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮੌਕੇ ‘ਤੇ ਪੁੱਜੇ ਇਕ ਪੁਲਿਸ ਅਫਸਰ ਵੱਲੋਂ ਚਲਾਈ ਗੋਲੀ ਨਾਲ 34 ਸਾਲਾ ਸ਼ੱਕੀ ਦੋਸ਼ੀ ਵੀ ਜ਼ਖਮੀ ਹੋ ਗਿਆ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੀੜਤਾਂ ਵਿਚ ਇਕ 47 ਸਾਲਾਂ ਦਾ ਵਿਅਕਤੀ ਤੇ 2 ਔਰਤਾਂ ਸ਼ਾਮਿਲ ਹਨ, ਜਿਨ੍ਹਾਂ ਦੀ ਉਮਰ 70 ਸਾਲ ਦੇ ਕਰੀਬ ਹੈ। ਐਟਲਾਂਟਾ ਪੁਲਿਸ ਮੁਖੀ ਡਰੀਨ ਸ਼ੀਰਬੌਮ ਅਨੁਸਾਰ ਸਾਰੇ ਜ਼ਖਮੀਆਂ ਦੇ ਬਚ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਦੁਪਹਿਰ ਬਾਅਦ 2.15 ਵਜੇ ਪੀਚਟਰੀ ਸੈਂਟਰ ਦੀ ਫੂਡ ਕੋਰਟ ‘ਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਹਥਿਆਰਬੰਦ ਸ਼ੱਕੀ ਫੂਡ ਕੋਰਟ ‘ਚ ਦਾਖਲ ਹੋਇਆ ਤੇ ਉਥੇ ਉਸ ਦੀ ਕਿਸੇ ਵਿਅਕਤੀ ਨਾਲ ਸੰਖੇਪ ਜਿਹੀ ਬਹਿਸ ਹੋਈ, ਜਿਸ ਉਪਰੰਤ ਉਸ ਨੇ ਉਸ ਉਪਰ ਗੋਲੀ ਚਲਾ ਦਿੱਤੀ। ਬਾਅਦ ਵਿਚ ਉਸ ਨੇ ਦੋ ਹੋਰਨਾਂ ਦੇ ਗੋਲੀਆਂ ਮਾਰੀਆਂ। ਉਨ੍ਹਾਂ ਕਿਹਾ ਕਿ ਸ਼ੱਕੀ ਵਿਅਕਤੀ ਦਾ ਲੰਬਾ ਅਪਰਾਧਿਕ ਰਿਕਾਰਡ ਹੈ। ਉਹ ਹਥਿਆਰਬੰਦ ਲੁੱਟ ਦੇ ਮਾਮਲੇ ਵਿਚ ਕੈਦ ਕੱਟ ਚੁੱਕਾ ਹੈ।