#AMERICA

ਅਮਰੀਕਾ ‘ਚ ਹੈਲੀਕਾਪਟਰ ਹਾਦਸੇ ‘ਚ ਦੋ ਨੈਸ਼ਨਲ ਗਾਰਡਾਂ ਦੀ ਮੌਤ

ਸੈਕਰਾਮੈਂਟੋ, 26 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮਿਸੀਸਿਪੀ ਰਾਜ ਵਿਚ ਇਕ ਸਿਖਲਾਈ ਉਡਾਣ ਦੌਰਾਨ ਵਾਪਰੇ ਹੈਲੀਕਾਪਟਰ ਹਾਦਸੇ ਵਿਚ ਦੋ ਨੈਸ਼ਨਲ ਗਾਰਡਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਗਵਰਨਰ ਟੇਟ ਰੀਵਸ ਨੇ ਕਿਹਾ ਹੈ ਕਿ ਅਪਾਚੇ ਏ ਐੱਚ-64 ਹੈਲੀਕਾਪਟਰ ਰੂਟੀਨ ਵਾਂਗ ਸਿਖਲਾਈ ਉਡਾਣ ‘ਤੇ ਸੀ, ਜਿਸ ਦੌਰਾਨ ਉਹ ਜ਼ਮੀਨ ਉਪਰ ਆ ਡਿੱਗਾ। ਅਧਿਕਾਰੀਆਂ ਨੇ ਮਾਰੇ ਗਏ ਨੈਸ਼ਨਲ ਗਾਰਡਾਂ ਦੇ ਨਾਵਾਂ ਬਾਰੇ ਕੁਝ ਨਹੀਂ ਦੱਸਿਆ ਹੈ ਤੇ ਕਿਹਾ ਹੈ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮਾਰੇ ਗਏ ਨੈਸ਼ਨਲ ਗਾਰਡ ਟੁਪੇਲੋ, ਮਿਸੀਸਿਪੀ ਵਿਖੇ ਆਰਮੀ ਐਵੀਏਸ਼ਨ ਸੁਪਰੋਟ ਫਸਿਲਟੀ ਵਿਖੇ ਤਾਇਨਾਤ ਸਨ। ਗਵਰਨਰ ਰੀਵਸ ਨੇ ਕਿਹਾ ਹੈ ਕਿ ਮਿਸੀਸਿਪੀ ਉਨ੍ਹਾਂ ਦੀਆਂ ਸੇਵਾਵਾਂ ਲਈ ਹਮੇਸ਼ਾਂ ਰਿਣੀ ਰਹੇਗਾ ਤੇ ਉਹ ਹਮੇਸ਼ਾਂ ਯਾਦ ਰਹਿਣਗੇ। ਇਸੇ ਦੌਰਾਨ ਅਲਬਾਮਾ ਵਿਚ ਵੀ ਸਿਖਲਾਈ ਉਡਾਣ ਦੌਰਾਨ ਇਕ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਕੇ ਜ਼ਮੀਨ ਉਪਰ ਡਿੱਗ ਜਾਣ ਦੀ ਖਬਰ ਹੈ। ਇਸ ਹਾਦਸੇ ‘ਚ 2 ਪਾਇਲਟ ਮਾਮੂਲੀ ਜ਼ਖਮੀ ਹੋਏ ਹਨ।