ਜਿਲੇਟ, 27 ਜੁਲਾਈ (ਪੰਜਾਬ ਮੇਲ)- ਅਮਰੀਕਾ ‘ਚ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਕਈ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਸ ਹਾਦਸੇ ਕਾਰਨ ਜੰਗਲ ‘ਚ ਅੱਗ ਲੱਗਣ ਦੀ ਵੀ ਘਟਨਾ ਵਾਪਰੀ ਹੈ। ਕੈਂਪਬੈੱਲ ਕਾਉਂਟੀ ਦੇ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਕਿ ਜਹਾਜ਼ ਵਿਓਮਿੰਗ ਦੀ ਸੀਮਾ ਨਜ਼ਦੀਕ ਸਥਿਤ ਸ਼ਹਿਰ ਜਿਲੇਟ ਵਿਚੋਂ ਉਡਾਣ ਭਰ ਰਿਹਾ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਹਾਲਾਕਿ ਇਸ ਦੌਰਾਨ ਮਰਨ ਵਾਲੇ ਵਿਅਕਤੀਆਂ ਦੀ ਸੰਖਿਆ ਦਾ ਪਤਾ ਨਹੀਂ ਲੱਗ ਸਕਿਆ ਹੈ। ਕੈਂਪਬੈੱਲ ਕਾਉਂਟੀ ਦੇ ਅਧਿਕਾਰੀ ਰੇਨਾਲਡਜ਼ ਨੇ ਦੱਸਿਆ ਕਿ ਪਾਇਲਟ ਨੇ ਗੰਭੀਰ ਸਥਿਤੀ ਹੋਣ ਬਾਰੇ ਸੰਦੇਸ਼ ਭੇਜਦਿਆਂ ਜਹਾਜ਼ ‘ਚ ਗੜਬੜੀ ਹੋਣ ਦਾ ਸ਼ੰਕਾ ਜ਼ਾਹਿਰ ਕੀਤਾ ਸੀ। ਇਸ ਤੋਂ ਕੁੱਝ ਸਮੇਂ ਬਾਅਦ ਇਲਾਕੇ ਦੇ ਲੋਕਾਂ ਵੱਲੋਂ ਦੁਰਘਟਨਾ ਵਾਲੀ ਜਗ੍ਹਾ ਤੋਂ ਧੂੰਆਂ ਉੱਠਣ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਜਿਲੇਟ ਦੇ ਆਸਪਾਸ ਜੰਗਲਾਂ ‘ਚ ਵੀ ਅੱਗ ਲੱਗ ਗਈ, ਜਿਸ ‘ਤੇ ਜਹਾਜ਼ ਰਾਹੀਂ ਪਾਣੀ ਸੁੱਟ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।