#PUNJAB

ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਮਾਛੀਵਾੜਾ ਸਾਹਿਬ, 19 ਮਈ (ਪੰਜਾਬ ਮੇਲ)- ਚੰਗੇ ਭਵਿੱਖ ਲਈ ਅਮਰੀਕਾ ਆਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਦੁੱਖਦ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਪਿੰਡ ਸਹਿਜੋ ਮਾਜਰਾ ਵਾਸੀ ਭੁਪਿੰਦਰ ਸਿੰਘ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ‘ਚ ਟਰਾਲਾ ਚਲਾਉਂਦਾ ਸੀ।
ਭੁਪਿੰਦਰ ਸਿੰਘ ਟਰਾਲਾ ਲੈ ਕੇ ਅਮਰੀਕਾ ਦੇ 81-ਗ੍ਰੀਨੀ ਕਾਊਂਟੀ ਰੋਡ ‘ਤੇ ਜਾ ਰਿਹਾ ਸੀ ਕਿ ਰਸਤੇ ਵਿਚ ਇੱਕ ਜੀਪ ਕਾਰ ਨਾਲ ਉਸਦੀ ਟੱਕਰ ਹੋ ਗਈ ਅਤੇ ਉਸਦਾ ਟਰਾਲਾ ਦਰੱਖਤ ਵਿਚ ਜਾ ਵੱਜਿਆ। ਹਾਦਸੇ ਤੋਂ ਬਾਅਦ ਟਰਾਲੇ ਨੂੰ ਅੱਗ ਲੱਗ ਗਈ ਪਰ ਉੱਥੇ ਰੈਸਕਿਊ ਟੀਮ ਨੇ ਉਸ ਨੂੰ ਟਰਾਲੇ ‘ਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।
ਭੁਪਿੰਦਰ ਸਿੰਘ ਦੀ ਮੌਤ ਦੀ ਖ਼ਬਰ ਜਦੋਂ ਪਿੰਡ ਸਹਿਜੋ ਮਾਜਰਾ ਵਿਖੇ ਪਹੁੰਚੀ ਤਾਂ ਘਰ ਵਿਚ ਮਾਤਮ ਛਾ ਗਿਆ ਅਤੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।  ਮ੍ਰਿਤਕ ਭੁਪਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦਾ ਪਿਤਾ ਹਜ਼ਾਰਾ ਸਿੰਘ ਸਪੇਨ ਵਿਖੇ ਰਹਿੰਦਾ ਹੈ। ਜਦੋਂ ਉਸ ਨੂੰ ਆਪਣੇ ਪੁੱਤਰ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਹ ਵਾਪਸ ਪਿੰਡ ਲਈ ਰਵਾਨਾ ਹੋ ਗਿਆ। ਉਕਤ ਹਾਦਸੇ ‘ਚ ਜੀਪ ਸਵਾਰ ਦਾ ਬਚਾਅ ਹੋ ਗਿਆ।